ਸ੍ ਮੁਕਤਸਰ ਸਾਹਿਬ, 1 ਸਤੰਬਰ :ਚਿੱਟੀ ਮੱਖੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਭਾਗ ਦਾ ਸਾਰਾ ਤਕਨੀਕੀ ਸਟਾਫ ਸਵੇਰੇ 8 ਤੋਂ 11 ਵਜੇ ਤੱਕ ਪਿੰਡਾਂ ਤੇ ਖੇਤਾਂ ਵਿਚ ਰਹਿ ਕੇ ਕਿਸਾਨਾਂ ਨੂੰ ਜਾਗਰੂਕ ਕਰੇਗਾ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਜ਼ਿਲੇ ਦੇ ਵੱਖ ਵੱਖ ਪਿੰਡਾਂ ਵਿਚ ਚਿੱਟੀ ਮੱਖੀ ਨਾਲ ਪ੍ਭਾਵਿਤ ਖੇਤਾਂ ਦੇ ਦੌਰੇ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਵੱਲੋਂ ਨਰਮੇ ਦੇ ਖਰਾਬੇ ਸਬੰਧੀ ਵਿਸੇਸ਼ ਗਿਰਦਾਵਰੀ ਕੀਤੀ ਜਾ ਰਹੀ ਹੈ ਦੁਜੇ ਪਾਸੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਵਿਸੇਸ਼ ਮੁਹਿੰਮ ਆਰੰਭੀ ਗਈ ਹੈ। ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਇਕ ਪ੍ਰਚਾਰ ਵਾਹਨ ਪਿੰਡਾਂ ਵਿਚ ਰਵਾਨਾ ਕੀਤਾ ਗਿਆ। ਇਸ ਤੋਂ ਬਿਨਾਂ ਖੇਤੀਬਾੜੀ ਵਿਭਾਗ ਦੀਆਂ 18 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਰੋਜਾਨਾ 36 ਪਿੰਡਾਂ ਵਿਚ ਕੈਂਪ ਲਗਾ ਕੇ ਕਿਸਾਨਾਂ ਨੂੰ ਚਿੱਟੀ ਮੱਖੀ ਦੀ ਰੋਕਥਾਮ ਲਈ ਜਾਣਕਾਰੀ ਦੇਣਗੇ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਖੇਤੀਬਾੜੀ ਵਿਭਾਗ ਦੀ ਸਲਾਹ ਅਨੁਸਾਰ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਕਰਨ। ਉਨਾਂ ਨੇ ਵਿਭਾਗ ਨੂੰ ਵੀ ਸਖ਼ਤ ਹਦਾਇਤ ਕੀਤੀ ਕਿ ਵਿਭਾਗ ਦੇ ਅਧਿਕਾਰੀ ਕਿਸਾਨਾਂ ਨੂੰ ਲਗਾਤਾਰ ਤਕਨੀਕੀ ਜਾਣਕਾਰੀ ਦੇਣ ਤਾਂ ਜੋ ਕਿਸਾਨ ਇਸ ਕੀੜੇ ਦੀ ਰੋਕਥਾਮ ਕਰ ਸਕਨ। ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਔਬਰਾਨ ਅਤੇ ਦੋਤਾਰਾ ਨਾਂਅ ਦੀ ਦਵਾਈ ਸਬਸਿਡੀ ਤੇ ਕਿਸਾਨਾਂ ਨੂੰ ਉਪਲਬੱਧ ਕਰਵਾਈ ਗਈ।
ਇਸ ਮੌਕੇ ਜ਼ਿਲਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਦੱਸਿਆ ਕਿ ਕਿਸਾਨ ਚਿੱਟੀ ਮੱਖੀ ਦੀ ਰੋਕਥਾਮ ਲਈ ਇੱਥੀਆਨ 800 ਮਿਲੀ ਜਾਂ ਟ੍ਰਾਈਜੋਫਾਸ 600 ਮਿਲੀ ਜਾਂ ਔਬਰਾਨ 200 ਮਿਲੀ ਜਾਂ ਪੋਲੋ 200 ਗ੍ਰਾਮ ਦਵਾਈ ਵਾਰੋ ਵਾਰੀ ਬਦਲ ਬਦਲ ਕੇ ਛਿੜਕਾਅ ਕਰਨ। ਇਸ ਤੋਂ ਬਿਨਾਂ ਨਰਮੇ ਦੇ ਪੱਤੇ ਕਾਲੇ ਕਰ ਰਹੀ ਉੱਲੀ ਦੀ ਰੋਕਥਾਮ ਲਈ ਅੱਧਾ ਕਿਲੋ ਬਲਾਈਟੌਕਸ ਅਤੇ 3 ਗ੍ਰਾਮ ਸਟ੍ਰੈਪਟੋਸਾਈਕਲੀਨ ਨਾਂਅ ਦੀ ਦਵਾਈ ਦਾ ਛਿੱੜਕਾਅ ਵੀ ਕੀਤਾ ਜਾਵੇ। ਉਨਾਂ ਨੇ ਕਿਹਾ ਕਿ ਕਿਸਾਨ ਛਿੜਕਾਅ ਸਵੇਰੇ 10 ਵਜੋ ਤੋਂ ਪਹਿਲਾਂ ਜਾਂ ਸ਼ਾਮ 4 ਵਜੇ ਤੋਂ ਬਾਅਦ ਕਰਨ। ਉਨਾਂ ਕਿਹਾ ਕਿ ਦਵਾਈਆਂ ਨੂੰ ਮਿਲਾ ਕੇ ਨਾ ਵਰਤਿਆ ਜਾਵੇ।ਇਸ ਦੌਰਾਨ ਉਨਾਂ ਨੇ ਪਿੰਡ ਸੰਗੂਧੌਣ, ਮਾਨ, ਗੱਗੜ ਆਦਿ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਨਾਲ ਹੋਰਨਾਂ ਤੋਂ ਇਲਾਵਾ ਡਾ: ਕਰਨਜੀਤ ਸਿੰਘ, ਡਾ: ਜਲੌਰ ਸਿੰਘ, ਡਾ: ਸੰਦੀਪ ਬਹਿਲ ਵੀ ਹਾਜਰ ਸਨ।