ਪਟਿਆਲਾ : ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਦੇ ਸੈਂਕੜੇ ਵਰਕਰਾਂ ਨੇ ਪਰਿਵਾਰਾਂ ਸਮੇਤ ਗੁਰੁ ਹਰ ਰਾਇ ਗੈਸ ਏਜੰਸੀ ਭੁਨਰਹੇੜੀ ਅਤੇ ਰਜਿੰਦਰਾ ਗੈਸ ਏਜੰਸੀ ਪਟਿਆਲਾ ਦੇ ਮਾਲਕਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਨੌਕਰੀਓ ਕੱਢੇ ਵਰਕਰਾਂ ਅਤੇ ਗੈਸ ਏਜੰਸੀਆਂ ਦੀਆਂ ਵਰਕਰ ਵਿਰੋਧੀ ਗੈਰ ਕਾਨੂੰਨੀ ਕਾਰਵਾਈਆਂ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਦੇ ਦਫਤਰ ਤੋਂ ਰੈਲੀ ਕਰਕੇ ਸ਼ਹਿਰ ਵਿੱਚ ਮਾਰਚ ਕਰਕੇ ਡੀ.ਸੀ. ਦਫਤਰ ਪਟਿਆਲਾ ਦਾ ਘਿਰਾਓ ਕੀਤਾ।
ਗੈਸ ਏਜੰਸੀ ਵਰਕਰ ਯੂਨੀਅਨਜ਼ ਦੇ ਪਧਾਨ ਕਸ਼ਮੀਰ ਸਿੰਘ ਬਿਲਾ ਨੇ ਕਿਹਾ ਕਿ 3 ਜੁਲਾਈ ਨੂੰ ਐਸ.ਡੀ.ਐਮ. ਪਟਿਆਲਾ ਨੇ ਮਾਮਲਾ ਹੱਲ ਕਰਵਾਉਣ ਦਾ ਭਰੋਸਾ ਦਵਾ ਕੇ ਵਰਕਰਾਂ ਦਾ ਜਾਮ ਖੁਲਵਾਇਆ ਸੀ ਪਰੰਤੂ ਗੈਸ ਏਜੰਸੀਆਂ ਵਲੋਂ ਗੈਰ ਕਾਨੂੰਨੀ ਕਾਰਵਾਈਆਂ ਜਾਰੀ ਹਨ। ਕਿਰਤ ਵਿਭਾਗ ਨੂੰ ਸ਼ਿਕਾਇਤਾ ਦੇਣ ਦੇ ਬਾਵਜੂਦ ਸਾਰਾ ਪ੍ਰਸ਼ਾਸ਼ਨ ਘੂਕ ਨੀਂਦ ਸੁੱਤਾ ਪਿਆ ਹੈ। ਇਫਟੂ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਮਜਦੂਰ ਵਿਰੋਧੀ ਨੀਤੀਆਂ ਕਾਰਨ ਅਧਿਕਾਰੀਆਂ ਅਤੇ ਗੈਸ ਏਜੰਸੀ ਮਾਲਕਾਂ ਅਫਸਰਸ਼ਾਹੀ ਅਤੇ ਸਿਆਸੀ ਗਠਜੋੜ ਉਸਰ ਚੁੱਕਿਆ ਹੈ ਜੋ ਆਪਣੇ ਹੀ ਬਣਾਏ ਹੋਏ ਕਿਰਤ ਕਾਨੂੰਨ ਲਾਗੂ ਕਰਨ ਤੋਂ ਆਕੀ ਹੈ ਜਿਸ ਦਾ ਨਤੀਜਾ ਹੀ ਹੈ ਕਿ ਵਰਕਰਾਂ ਦੀ ਛਾਂਟੀ ਗੈਰ ਕਾਨੂੰਨੀ ਹੋ ਰਹੀ ਹੈ।
ਇਸ ਸਮੇਂ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਧਾਨ ਰਮਿੰਦਰ ਸਿੰਘ ਪਟਿਆਲਾ, ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਰਾਜੀਵ, ਹਿਰਾਵਲ ਦਸਤਾ ਗਰੁੱਪ ਦੇ ਸ੍ਰੀਨਾਥ ਤੇ ਸੁਰਿੰਦਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਗੈਸ ਏਜੰਸੀ ਮਾਲਕੀ, ਸਿਆਸੀ ਆਗੂਆਂ ਤੇ ਪ੍ਰਸ਼ਾਸ਼ਨ ਦੇ ਗਠਜੋੜ ਨੂੰ ਤੋੜਨ ਲਈ ਸੰਘਰਸ਼ ਨੂੰ ਵਿਸ਼ਾਲ ਤੇ ਤਿੱਖਾ ਕੀਤਾ ਜਾਵੇਗਾ ਅਤੇ ਇਸ ਸਬੰਧੀ ਇੱਕ ਵੱਡੀ ਮੀਟਿੰਗ ਸੱਦ ਲਈ ਗਈ ਹੈ। ਇਸ ਪ੍ਰਦਰਸ਼ਨ ਦੌਰਾਨ ਜਸਪਾਲ ਸਿੰਘ, ਸੁਰਜੀਤ ਸਿੰਘ, ਜਸਬੀਰ ਸਿੰਘ, ਹਰਵਿੰਦਰ ਸਿੰਘ, ਗੁਰਚਰਨ ਸਿੰਘ, ਆਦਿ ਨੇ ਵੀ ਆਪਣੇ ਵਿਚਾਰ ਰੱਖੇ।