ਟਰਾਂਟੋ – ਸਿੰਗਾਰ ਬੈਕੁਇਟ ਹਾਲ ਬਰੈਂਪਟਨ ਵਿਖੇ ਗਲੋਬਲ ਪੰਜਾਬ ਫਾਊਂਡੇਸ਼ਨ (ਰਜ਼ਿ.) ਦੇ ਚੇਅਰਮੈਨ ਡਾ: ਹਰਜਿੰਦਰ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਵਿਸੇਸ਼ ਇਕੱਤਰਤਾ ਵਿੱਚ ਫਾਊਂਡੇਸ਼ਨ ਦੇ ਟਰਾਂਟੋ ਚੈਪਟਰ ਨੂੰ ਗਠਿਤ ਕੀਤਾ ਗਿਆ। ਫਾਊਂਡੇਸ਼ਨ ਦੇ ਟਰਾਂਟੋ ਚੈਪਟਰ ਦੇ ਪ੍ਰਧਾਨ ਕੁਲਜੀਤ ਸਿੰਘ ਜੰਜੂਆ ਹੋਣਗੇ ਅਤੇ ਜਨਰਲ ਸਕੱਤਰ ਦੀ ਜਿੰਮੇਵਾਰੀ ਕੁਲਵਿੰਦਰ ਸਿੰਘ ਸੈਣੀ ਨੂੰ ਦਿੱਤੀ ਗਈ ਹੈ। ਪੰਜਾਬੀ ਲੇਖਿਕਾ ਸੁਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨਾਂ ਵਿੱਚ ਗੁਰਮੀਤ ਪਨਾਗ ਅਤੇ ਸੰਜੀਵ ਭੱਟੀ ਸ਼ਾਮਲ ਹਨ। ਫਾਊਂਡੇਸ਼ਨ ਦੇ ਸਹਾਇਕ ਸਕੱਤਰ ਅਰੂਜ ਰਾਜਪੂਤ ਅਤੇ ਮੀਡੀਆ ਸਲਾਹਕਾਰ ਸੁਰਿੰਦਰ ਸਿੰਘ ਪੰਮਾ ਨੂੰ ਚੁਣਿਆ ਗਿਆ। ਫਾਊਂਡੇਸ਼ਨ ਦੇ ਹੋਰ ਅਹੁਦੇਦਾਰਾਂ ਵਿੱਚ ਵਿਪਨਦੀਪ ਸਿੰਘ ਮਾਰੋਨ (ਲੀਗਲ ਐਡਵਾਈਜ਼ਰ) ਅਤੇ ਮਹਿੰਦਰ ਪਾਲ ਸਿੰਘ, ਸੁਖਮਿੰਦਰ ਸਿੰਘ, ਬਲਵਿੰਦਰ ਸਿੰਘ ਸ਼ੇਖਾ, ਮਨਿੰਦਰਜੀਤ ਸਿੰਘ ਔਲਖ ਕਾਰਜਕਾਰਨੀ ਦੇ ਮੈਂਬਰ ਚੁਣੇ ਗਏ ਹਨ।
ਇਸ ਮੌਕੇ ਬੋਲਦੇ ਹੋਏ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਡਾ: ਹਰਜਿੰਦਰ ਵਾਲੀਆ ਨੇ ਕਿਹਾ ਕਿ ਵਿਸ਼ਵ ਦੇ ਪੰਜਾਬੀ ਵਸੋਂ ਵਾਲੇ ਵੱਡੇ ਸ਼ਹਿਰਾਂ ਵਿੱਚ ਫਾਊਂਡੇਸ਼ਨ ਦੇ ਚੈਪਟਰ ਖੋਲਣ ਜਾ ਰਹੇ ਹਨ। ਡਾ: ਵਾਲੀਆ ਨੇ ਕਿਹਾ ਕਿ 2002 ਵਿੱਚ ਰਜਿਸਟਰਡ ਹੋਈ ਇਹ ਸੰਸਥਾ ਜਿੱਥੇ ਵਿਸ਼ਵ ਵਿੱਚ ਫ਼ੈਲੇ ਪੰਜਾਬੀਆਂ ਨੂੰ ਇੱਕ ਮੰਚ ਪ੍ਰਦਾਨ ਕਰਨ ਦਾ ਯਤਨ ਕਰ ਰਹੀ ਹੈ ਉਥੇ ਅਣਚਾਹੇ ਬੱਚਿਆਂ ਲਈ ਪੰਘੂੜਾ ਸਕੀਮ ਲਾਗੂ ਕਰਨ ਵਿੱਚ ਮੋਢੀ ਹੈ। ਸਿੱਖਿਆ, ਸਿਹਤ, ਸੁਚੱਜੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ, ਪੰਜਾਬੀ ਮੀਡੀਆ ਨੂੰ ਸਾਰਥਕਤਾ ਪ੍ਰਦਾਨ ਕਰਨੀ, ਸੈਮੀਨਾਰ ਅਤੇ ਭਾਸ਼ਣਾਂ ਰਾਹੀਂ ਬੱਚਿਆਂ ਨੂੰ ਵੱਡੇ ਕੰਮਾਂ ਲਈ ਪ੍ਰੇਰਿਤ ਕਰਨ ਦਾ ਕੰਮ ਕਰਨਾ ਫਾਊਂਡੇਸ਼ਨ ਦੇ ਉਦੇਸ਼ਾਂ ਵਿੱਚ ਸ਼ਾਮਲ ਹੈ। ਕੈਂਸਰ ਰੋਕਥਾਪ ਦੇ ਨਾਲ-ਨਾਲ ਬੱਚਿਆਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣ ਦੀ ਮੁਹਿੰਮ ਨੂੰ ਆਪਣੀ ਮੁੱਢਲੀ ਤਰਜੀਹ ਵੱਲੋਂ ਲੈ ਰਹੀ ਹੈ । ਡਾ: ਵਾਲੀਆ ਨੇ ਕਿਹਾ ਕਿ ਫਾਊਂਡੇਸ਼ਨ ਦਾ ਟਰਾਂਟੋ ਚੈਪਟਰ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਉਨਾਂ ਦੇ ਸਮਾਧਾਨ ਤਲਾਸ਼ਣ ਵਿੱਚ ਆਪਣਾ ਯੋਗਦਾਨ ਪਾਵੇਗਾ। ਉਨਾਂ ਦੱਸਿਆ ਕਿ ਫਾਊਂਡੇਸ਼ਨ ਬਾਰੇ ਹੋਰ ਜਾਣਕਾਰੀ ਫਾਊਂਡੇਸ਼ਨ ਦੀ ਸਾਇਟ ਜੀ ਪੰਜਾਬੀ ਡਾਟ ਕਾਮ ਤੇ ਉਪਲਬਧ ਹੈ।