ਖੰਨਾ : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਝੋਨੇ ਦੀ ਅਗੇਤੀ ਫ਼ਸਲ ਦੀ ਆਮਦ ਤੇਜ਼ ਹੋ ਗਈ ਹੈ | ਇਕ ਪਾਸੇ ਹੁਣ ਤੱਕ ਮੰਡੀ ਵਿਚ ਝੋਨੇ ਦੀ ਕਰੀਬ 15 ਹਜ਼ਾਰ ਕੁਇੰਟਲ ਅਗੇਤੀ ਫ਼ਸਲ ਪਹੁੰਚ ਚੁੱਕੀ ਹੈ ਪਰ ਅਜੇ ਤੱਕ ਇਸ ‘ਚੋਂ ਕਿਸੇ ਨੇ ਇਕ ਦਾਣਾ ਵੀ ਨਹੀਂ ਖ਼ਰੀਦਿਆ, ਜਦੋਂਕਿ ਦੂਜੇ ਪਾਸੇ ਮੰਡੀ ‘ਚ ਆਈ ਬਾਸਮਤੀ ਦੀ 1509 ਕਿਸਮ ਕਰੀਬ 1100 ਕੁਇੰਟਲ 1750 ਰੁਪਏ ਪ੍ਤੀ ਕੁਇੰਟਲ ਤੋਂ 1850 ਰੁਪਏ ਪ੍ਤੀ ਕੁਇੰਟਲ ਤੱਕ ਵਿਕੀ ਹੈ | ਮੰਡੀ ‘ਚ ਬੈਠੇ ਕਿਸਾਨ ਇਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੀ ਆਸ ‘ਤੇ ਹੀ ਫ਼ਸਲ ਲੈ ਕੇ ਬੈਠੇ ਹੋਏ ਹਨ | ਭਾਰਤੀ ਕਿਸਾਨ ਯੂਨੀਅਨ ਮੀਆਂਪੁਰ ਲੁਧਿਆਣਾ ਇਕਾਈ ਦੇ ਪ੍ਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਦੇ ਪ੍ਬੰਧ ਅਧੂਰੇ ਹਨ ਅਤੇ ਹਰ ਸਾਲ ਇਹੀ ਹਾਲ ਹੁੰਦਾ ਹੈ | ਉਨਾਂ ਕਿਹਾ ਕਿ ਮੰਡੀਆਂ ਵਿਚ ਪੀਣ ਨੂੰ ਸਾਫ਼ ਪਾਣੀ ਨਹੀਂ ਮਿਲਦਾ ਤੇ ਕਿਸਾਨਾਂ ਨੂੰ ਖੁੱਲ ਅਸਮਾਨ ਥੱਲੇ ਆਪਣੀ ਫ਼ਸਲ ਦੀ ਰਾਖੀ ਕਰਨੀ ਪੈਂਦੀ ਹੈ ਪਰ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ | ਉਨਾਂ ਕਿਹਾ ਕਿ ਇਸ ਵਾਰ ਵੀ ਸ਼ੁਰੂਆਤੀ ਹਾਲਾਤ ਦੱਸ ਰਹੇ ਹਨ ਕਿ ਸੀਜ਼ਨ ਵਿਚ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਮਾਰਕੀਟ ਕਮੇਟੀ ਖੰਨਾ ਦੇ ਸਕੱਤਰ ਮਨਜੀਤ ਸਿੰਘ ਨੇ ਕਿਹਾ ਕਿ ਹਰ ਸੀਜ਼ਨ ਵਿਚ ਫ਼ਸਲ ਦੀ ਖ਼ਰੀਦ ਦੇ ਪ੍ਬੰਧ ਖ਼ਾਸ ਤੌਰ ‘ਤੇ ਕੀਤੇ ਜਾਂਦੇ ਹਨ | ਇਸ ਵਾਰ ਵੀ ਲਗਭਗ ਪੂਰੇ ਪ੍ਬੰਧ ਕਰ ਲਏ ਗਏ ਹਨ, ਜੇ ਕੋਈ ਥੋੜਹੀ ਬਹੁਤ ਕਮੀ ਹੈ ਤਾਂ ਸਰਕਾਰੀ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਪੂਰਾ ਕਰ ਲਿਆ ਜਾਵੇਗਾ |