ਸਮਾਣਾ (ਪਟਿਆਲਾ), :ਵਿਧਾਨ ਸਭਾ ਹਲਕਾ ਸਮਾਣਾ ਦੇ ਦਿਹਾਤੀ ਖੇਤਰਾਂ ਦੇ ਵਿਕਾਸ ਲਈ ਗਰਾਂਟਾਂ ਦੀ ਵੰਡ ਕਰਨ ਆਏ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਸਮਾਣਾ ਹਲਕੇ ਦੇ 8 ਪਿੰਡਾਂ ਵਿੱਚ ਕੀਤੇ ਸੰਗਤ ਦਰਸ਼ਨਾਂ ਦੌਰਾਨ ਪਿੰਡਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ਸ. ਰੱਖੜਾ ਨੇ ਇਹਨਾਂ ਸੰਗਤ ਦਰਸ਼ਨਾਂ ਦੌਰਾਨ ਪ੍ਸਾਸ਼ਨਿਕ ਅਧਿਕਾਰੀਆਂ ਨੇ ਲੋਕਾਂ ਤੋਂ ਮੌਕੇ ‘ਤੇ ਹੀ ਫਾਰਮ ਭਰਾਏ ਅਤੇ ਉਹਨਾਂ ਦੇ ਵੱਖ-ਵੱਖ ਭਲਾਈ ਸਕੀਮਾਂ ਦੇ ਕਾਰਡ ਵੀ ਜਾਰੀ ਕੀਤੇ।
ਸ. ਰੱਖੜਾ ਨੇ ਸਮਾਣਾ ਹਲਕੇ ਦੇ ਪਿੰਡ ਬੰਮਣਾ, ਗਾਜੇਵਾਸ, ਫਤਿਹਗੜ ਛੰਨਾ, ਤਲਵੰਡੀ ਮਲਕ, ਖੱਤਰੀ ਵਾਲਾ, ਕਾਦਰਾਵਾਦ ਅਤੇ ਬਲਮਗੜ ਦੇ ਆਪਣੇ ਦੌਰੇ ਦੌਰਾਨ ਲੋਕਾਂ ਨੂੰ ਦੱਸਿਆ ਕਿ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾਂ ਤਹਿਤ ਇੱਕ ਪਰਿਵਾਰ ਦੇ ਪੰਜ ਜੀਆਂ ਤੱਕ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ 50 ਹਜਾਰ ਰੁਪਏ ਸਾਲਾਨਾਂ ਤੱਕ ਦਾ ਮੁਫ਼ਤ ਇਲਾਜ, ਐਕਸਗਰੇਸ਼ੀਆਂ ਯੋਜਨਾਂ ਦੇ ਤਹਿਤ ਦੁਰਘਟਨਾਂ ‘ਚ ਮੌਤ ਹੋਣ ‘ਤੇ 4 ਲੱਖ, ਕੁਦਰਤੀ ਮੌਤ ਹੋਣ ‘ਤੇ 3 ਲੱਖ ਰੁਪਏ ਅਤੇ ਪੂਰਨ ਰੂਪ ਵਿੱਚ ਅਪੰਗ ਹੋਣ ‘ਤੇ 4 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਭਵਨ ਨਿਰਮਾਣ ਦੇ ਕੰਮਕਾਜ ਵਿੱਚ ਲੱਗੇ ਰਜਿਸਟਰਡ ਮਜਦੂਰਾਂ ਅਤੇ ਉਹਨਾਂ ਦੇ ਬੱਚਿਆਂ ਲਈ ਵਜੀਫਾ ਯੋਜਨਾਵਾਂ ਅਤੇ ਮਨਰੇਗਾ ਕਰਮੀਆਂ ਦੇ ਲਈ ਜਨ ਕਲਿਆਣ ਯੋਜਨਾਂ ਸਮੇਤ ਰਾਜ ਸਰਕਾਰ ਵੱਲੋਂ 17 ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ।
ਸ. ਰੱਖੜਾ ਨੇ ਦੱਸਿਆ ਕਿ ਭਲਾਈ ਸਕੀਮਾਂ ਪਹਿਲਾਂ ਗਰੀਬਾਂ ਅਤੇ ਜਾਤੀ ‘ਤੇ ਅਧਾਰਿਤ ਵਰਗਾਂ ਲਈ ਹੁੰਦੀਆਂ ਸਨ ਪਰ ਹੁਣ ਰਾਜ ਸਰਕਾਰ ਨੇ ਇਹ ਸਕੀਮਾਂ ਦਾ ਲਾਭ ਹਰੇਕ ਵਰਗ ਨੂੰ ਦੇਣ ਦਾ ਫੈਸਲਾ ਕੀਤਾ ਹੈ। ਸ. ਰੱਖੜਾ ਨੇ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਤੋਂ ਹੀ ਜਾਰੀ ਸ਼ਗਨ ਸਕੀਮ ਤਹਿਤ ਕੇਵਲ ਅਨੂਸੁਚਿਤ ਜਾਤੀਆਂ ਦੀਆਂ ਬੱਚੀਆਂ ਨੂੰ ਹੀ ਵਿਆਹ ਹੋਣ ‘ਤੇ 15 ਹਜਾਰ ਰੁਪਏ ਸ਼ਗਨ ਵੱਜੋਂ ਦਿੱਤੇ ਜਾਂਦੇ ਸਨ ਪਰ ਹੁਣ ਸਰਕਾਰ ਨੇ ਹਰ ਵਰਗ ਦੀਆਂ ਬੱਚੀਆਂ ਦੇ ਵਿਆਹ ‘ਤੇ ਸ਼ਗਨ ਦੀ ਰਾਸ਼ੀ 31 ਹਜਾਰ ਰੁਪਏ ਕਰ ਦਿੱਤੀ ਹੈ। ਇਸ ਯੋਜਨਾਂ ਦੇ ਤਹਿਤ ਮਿਲਣ ਵਾਲਾ ਲਾਭ ਐਸ.ਸੀ ਵਰਗ ਨੂੰ ਮਿਲਣ ਵਾਲੇ 15 ਹਜਾਰ ਰੁਪਏ ਤੋਂ ਅਲੱਗ ਹੋਵੇਗਾ। ਇਸ ਮੌਕੇ ਸ. ਰੱਖੜਾ ਨੇ ਦੱਸਿਆ ਕਿ ਪ੍ਸਾਸ਼ਨ ਵੱਲੋਂ ਪਿੰਡਾਂ ਵਿੱਚ ਜਾ ਕੇ ਫਾਰਮ ਭਰਨ ਦਾ ਕੰਮ ਨਿਰੰਤਰ ਜਾਰੀ ਰਹੇਗਾ। ਉਹਨਾਂ ਦੱਸਿਆ ਕਿ ਇਸ ਕੰਮ ਲਈ 10 ਵਿਅਕਤੀਆਂ ਨੂੰ ਨੌਕਰੀ ਤੇ ਰੱਖਿਆ ਗਿਆ ਹੈ। ਸ. ਰੱਖੜਾ ਨੇ ਦੱਸਿਆ ਕਿ ਫਾਰਮ ਭਰਨ ਉਪਰੰਤ ਬਾਕੀ ਸਾਰੀ ਵਿਭਾਗੀ ਕਾਰਵਾਈ ਇਹ 10 ਵਿਅਕਤੀ ਮੁਕੰਮਲ ਕਰਨਗੇ ਅਤੇ ਲਾਭਪਾਤਰੀਆਂ ਨੂੰ ਘਰ-ਘਰ ਜਾ ਕੇ ਉਹਨਾਂ ਦੇ ਕਾਰਡ ਮੁਹੱਈਆਂ ਕਰਵਾਉਣਗੇ ਤਾਂ ਕਿ ਕਿਸੇ ਨੂੰ ਵੀ ਪਟਿਆਲਾ ਜਾਂ ਸਮਾਣਾ ਦਫ਼ਤਰਾਂ ਵਿੱਚ ਜਾ ਪਰੇਸ਼ਾਨ ਨਾ ਹੋਣਾ ਪਏ। ਇਸ ਮੌਕੇ ਸ. ਰੱਖੜਾ ਵੱਲੋਂ ਗਰੀਬ ਲੋਕਾਂ ਨੂੰ ਘਰ ਬਣਾਉਣ ਲਈ ਸ਼ੁਰੂ ਕੀਤੀ ਗਈ ਆਵਾਸ ਯੋਜਨਾਂ ਦੇ ਤਹਿਤ 8 ਪਿੰਡਾਂ ਦੇ ਲਾਭ ਪਾਤਰੀਆਂ ਨੂੰ 7-7 ਹਜਾਰ ਰੁਪਏ ਦੇ ਚੈਕ ਵੀ ਵੰਡੇ।
ਕੈਬਨਿਟ ਮੰਤਰੀ ਸ. ਰੱਖੜਾ ਨੇ ਇਸ ਦੌਰੇ ਦੌਰਾਨ ਏ.ਡੀ.ਸੀ. ਵਿਕਾਸ ਸ. ਪਰਮਿੰਦਰਪਾਲ ਸਿੰਘ ਸੰਧੂ, ਕਿਰਤ ਵਿਭਾਗ, ਪੰਚਾਇਤ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਮਾਜ ਭਲਾਈ, ਮਹਿਲਾ ਅਤੇ ਬਾਲ ਸੁਰੱਖਿਆ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀ, ਅਕਾਲੀ ਆਗੂ ਜਥੇਦਾਰ ਅਮਰਜੀਤ ਸਿੰਘ ਪੰਜਰੱਥ, ਜ਼ਿਲਾ ਪਰੀਸ਼ਦ ਦੇ ਮੈਂਬਰ ਸ. ਗੁਲਾਬ ਸਿੰਘ, ਸ. ਜਸਬੀਰ ਸਿੰਘ ਸਰਕਲ ਜੱਥੇਦਾਰ, ਐਮ.ਸੀ. ਸ. ਅਮਰਜੀਤ ਸਿੰਘ ਗੁਰਾਇਆਂ, ਸ. ਗੁਰਜੀਤ ਸਿੰਘ ਰਾਣਾ ਅਤੇ ਵੱਖ-ਵੱਖ ਪਿੰਡਾਂ ਦੇ ਪੰਚ ਤੇ ਸਰਪੰਚ ਵੀ ਹਾਜਰ ਸਨ।