ਪਟਿਆਲਾ : ਕੁੱਲ ਹਿੰਦਰ ਅੰਤਰਵਰਸਿਟੀ ਤੀਰਅੰਦਾਜ਼ੀ ਚੈਂਪੀਅਨਸ਼ਿਪ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਆਰੰਭ ਹੋ ਗਈ ਹੈ ਜਿਸ ਵਿਚ ਦੇਸ਼ ਵਿਚੋਂ 80 ਦੇ ਕਰੀਬ ਯੂਨੀਵਰਸਿਟੀਆਂ ਹਿੱਸਾ ਲੈ ਰਹੀਆਂ ਹਨ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਮੇਜ਼ਬਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕੀਤਾ। ਖੇਡ ਵਿਭਾਗ ਦੇ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਤੇ ਪੰਜਾਬ ਤੀਰਅੰਦਾਜ਼ੀ ਐਸੋਸੀਏਸ਼ਨ ਦੇ ਪ੍ਧਾਨ ਕੁਲਬੀਰ ਸਿੰਘ ਕੰਗ, ਡਿਪਟੀ ਡਾਇਰੈਕਟਰ ਡਾ. ਗੁਰਦੀਪ ਕੌਰ, ਸਹਾਇਕ ਡਾਇਰੈਕਟਰ ਸ਼੍ਮਤੀ ਮਹਿੰਦਰਪਾਲ ਕੌਰ, ਡਾ. ਜਸਬੀਰ ਸਿੰਘ, ਡਾ. ਦਲਬੀਰ ਸਿੰਘ, ਕੌਮਾਂਤਰੀ ਤੀਰਅੰਦਾਜ਼ ਗਗਨਦੀਪ ਕੌਰ ਰੰਧਾਵਾ, ਕੋਚ ਜੀਵਨਜੋਤ ਤੇਜਾ, ਕੋਚ ਸੁਰਿੰਦਰ ਸਿੰਘ ਤੇ ਹੋਰ ਸਖਸ਼ੀਅਤਾਂ ਮੌਜੂਦ ਸਨ। ਡਾ. ਜਸਪਾਲ ਸਿੰਘ ਨੇ ਝੰਡਾ ਲਹਿਰਾ ਕੇ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਉਹਨਾਂ ਇਸ ਮੌਕੇ ਤੇ ਕਿਹਾ ਕਿ ਤੀਰਅੰਦਾਜ਼ੀ ਭਾਰਤ ਦੀ ਰਵਾਇਤੀ ਤੇ ਵਿਰਾਸਤੀ ਖੇਡ ਹੈ। ਉਹਨਾਂ ਨੂੰ ਖੁਸ਼ੀ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਇਸ ਪਰੰਪਰਿਕ ਖੇਡ ਦੇ ਵਿਸ਼ਵ ਪੱਧਰੀ ਖਿਡਾਰੀ ਪੈਦਾ ਕੀਤੇ ਹਨ ਅਤੇ ਇਹ ਸਿਲਸਿਲਾ ਭਵਿੱਖ ਵਿਚ ਵੀ ਜਾਰੀ ਰਹੇਗਾ। ਉਹਨਾ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਦੇਸ਼ ਦੀ ਖੇਡਾਂ ਦੇ ਖੇਤਰ ਵਿਚ ਦੇਸ਼ ਦੀ ਅੱਵਲ ਯੂਨੀਵਰਸਿਟੀ ਬਨਾਉਣ ਵਿਚ ਇਸਦੇ ਖੇਡ ਵਿਭਾਗ ਤੇ ਕਾਲਜਾਂ ਦੇ ਖੇਡ ਸੰਚਾਲਕਾਂ ਦਾ ਵਡਮੁੱਲਾ ਯੋਗਦਾਨ ਹੈ। ਅਖੀਰ ਵਿਚ ਤੀਰਅੰਦਾਜ਼ੀ ਖੇਡ ਨਾਲ ਸੰਬੰਧਿਤ ਕੁਝ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।