ਰਾਜਪੁਰਾ/ਪਟਿਆਲਾ:ਪਟਿਆਲਾ ਜ਼ਿਲਾ ‘ਚ ਅਨਾਥ ਅਤੇ ਵਿਸ਼ੇਸ਼ ਬੱਚਿਆਂ ਦੀ ਸਾਂਭ ਸੰਭਾਲ ਅਤੇ ਮਿਆਰੀ ਪਰਵਰਿਸ਼ ਲਈ ਕਾਰਜਸ਼ੀਲ ਵੱਖ-ਵੱਖ ਸੰਸਥਾਵਾਂ ਦੇ ਬੱਚਿਆਂ ਨਾਲ ਨਵੇਂ ਵਰ੍ਹੇ ਦੀ ਆਮਦ ਦੀ ਖੁਸ਼ੀ ਸਾਂਝੀ ਕਰਨ ਲਈ ਜ਼ਿਲਾ ਬਾਲ ਸੁਰੱਖਿਆ ਕਮੇਟੀ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ ਦੀ ਅਗਵਾਈ ਹੇਠਲੀ ਟੀਮ ਨੇ ਐਸ.ਓ.ਐਸ ਵਿਲੇਜ ਰਾਜਪੁਰਾ ਦਾ ਦੌਰਾ ਕੀਤਾ ਅਤੇ ਲਗਭਗ 250 ਬੱਚਿਆਂ ਨਾਲ ਦੋ ਘੰਟੇ ਤੋਂ ਵੀ ਵੱਧ ਸਮਾਂ ਬਿਤਾਇਆ।
ਇਸ ਦੌਰਾਨ ਐਸ.ਓ.ਐਸ ਵਿਲੇਜ ਦੇ ਬੱਚਿਆਂ ਤੋਂ ਇਲਾਵਾ ਆਲ ਇੰਡੀਆ ਪਿੰਗਲਾ ਆਸ਼ਰਮ ਸਨੌਰ, ਕਮਿਊਨਿਟੀ ਹੋਮ ਫਾਰ ਮੈਂਟਲੀ ਰਿਟਾਰਡਿਡ ਅਤੇ ਚਿਲਡਰਨ ਹੋਮ ਰਾਜਪੁਰਾ ਦੇ ਬੱਚੇ ਵੀ ਮੌਜੂਦ ਸਨ ਜਿਨਾ ਨੇ ਸਭਿਆਚਾਰਕ ਪਰੋਗਰਾਮ ਪੇਸ਼ ਕੀਤਾ ਅਤੇ ਟੀਮ ਦੇ ਮੈਂਬਰਾਂ ਨਾਲ ਖੁਸ਼ੀ ਸਾਂਝੀ ਕੀਤੀ। ਬੱਚਿਆਂ ਵੱਲੋਂ ਜਿਮਨਾਸਟਿਕ, ਦੌੜਾਂ ਸਮੇਤ ਹੋਰ ਖੇਡਾਂ ਨਾਲ ਵੀ ਸਮਾਗਮ ਨੂੰ ਯਾਦਗਾਰੀ ਬਣਾਇਆ। ਐਸ.ਓ.ਐਸ ਦੀਆਂ ਲੜਕੀਆਂ ਨੇ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਕੀਤੀ।
ਇਸ ਮੌਕੇ ਸ. ਕਲਿਆਣ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਇਹ ਬੱਚੇ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਇਨਾ ਨਾਲ ਅਪਣੱਤ ਵਾਲਾ ਰਵੱਈਆ ਅਪਣਾਉਂਦੇ ਹੋਏ ਇਨ੍ਹਾਂ ਨਾਲ ਨਿੱਜੀ ਤੌਰ ‘ਤੇ ਜੁੜਨਾ ਚਾਹੀਦਾ ਹੈ ਅਤੇ ਹਰੇਕ ਖੁਸ਼ੀ ਇਨਾ ਨਾਲ ਸਾਂਝੀ ਕਰਨੀ ਚਾਹੀਦੀ ਹੈ। ਉਨਾ ਕਿਹਾ ਕਿ ਬੱਚਿਆਂ ਦੀ ਸੁਰੱਖਿਆ, ਮਿਆਰੀ ਪਾਲਣ ਪੋਸ਼ਣ, ਪੜਈ ਅਤੇ ਖੇਡ ਤੇ ਸਭਿਆਚਾਰਕ ਤੌਰ ‘ਤੇ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਹਰੇਕ ਨਾਗਰਿਕ ਦਾ ਮੁਢਲਾ ਫਰਜ਼ ਹੈ।
ਇਸ ਮੌਕੇ ਸ਼੍ਮਤੀ ਬਲਵਿੰਦਰ ਕੌਰ ਮੈਂਬਰ ਜ਼ਿਲਾ ਪਰਿਸ਼ਦ, ਬਾਲ ਸੁਰੱਖਿਆ ਅਧਿਕਾਰੀ ਸ਼੍ਮਤੀ ਸ਼ਾਇਨਾ ਕਪੂਰ, ਸ. ਦੀਦਾਰ ਸਿੰਘ ਸਮੇਤ ਹੋਰ ਅਧਿਕਾਰੀ ਤੇ ਇਨਾ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਸਨ। ਇਸ ਦੌਰਾਨ ਖੇਡ ਅਤੇ ਸਭਿਆਚਾਰਕ ਪਰੋਗਰਾਮ ਦੇ ਜੇਤੂ ਰਹੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।