ਬਰੇਟਾ: ਸੀ.ਬੀ.ਆਈ. ਵੱਲੋਂ ਅੱਜ ਇੱਥੇ ਭਾਰਤੀ ਖ਼ੁਰਾਕ ਨਿਗਮ ਦੇ ਡੀਪੂ ਮੈਨੇਜਰ ਨੂੰ 30 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ | ਸੀ.ਬੀ.ਆਈ. ਚੰਡੀਗੜ੍ ਦੇ ਡੀ.ਐਸ.ਪੀ. ਰਾਮ ਸਿੰਘ ਨੇ ਦੱਸਿਆ ਕਿ ਉਨਾ ਨੂੰ ਪੰਜਾਬ ਵੇਅਰ ਹਾਊਸ ਬਰੇਟਾ ਸ਼ਾਖਾ ਦੇ ਇੰਚਾਰਜ ਟੀ.ਏ. ਅਮਨਦੀਪ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਭਾਰਤੀ ਖ਼ੁਰਾਕ ਨਿਗਮ ਵੱਲੋਂ ਜੋ ਕਣਕ ਵੇਅਰ ਹਾਊਸ ਕੋਲ ਸਟੋਰ ਕੀਤੀ ਜਾਂਦੀ ਹੈ, ਉਨਾ ਦੇ ਬਿਲ ‘ਤੇ ਕੱਟ ਲਗਾਉਣ ਦੀ ਗੱਲ ਕਹਿ ਕੇ ਉਨਾ ਤੋਂ ਰਿਸ਼ਵਤ ਵਸੂਲੀ ਜਾਂਦੀ ਹੈ | ਜੇਕਰ ਉਹ ਰਿਸ਼ਵਤ ਨਹੀਂ ਦਿੰਦੇ ਤਾਂ ਕੁਆਲਿਟੀ ਕੱਟ ਲਗਾ ਦਿੱਤਾ ਜਾਂਦਾ ਹੈ ਜਿਸ ਦੀ ਪੂਰਤੀ ਵੇਅਰ ਹਾਊਸ ਵੱਲੋਂ ਉਨਾ ਦੀ ਤਨਖ਼ਾਹ ਵਿਚੋਂ ਕੱਟ ਕੇ ਪੂਰੀ ਕੀਤੀ ਜਾਂਦੀ ਹੈ | ਅਮਨਦੀਪ ਸਿੰਘ ਨੇ ਇਹ ਵੀ ਦੋਸ਼ ਲਗਾਏ ਕਿ ਉਸ ਤੋਂ ਹਰ ਸਪੈਸ਼ਲ ਪਿੱਛੇ ਵੀ 10 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਜਾਂਦੀ ਸੀ | ਇਸ ਗੱਲ ਤੋਂ ਪਰੇਸ਼ਾਨ ਹੋ ਕੇ ਉਸ ਨੇ 30 ਹਜ਼ਾਰ ਰੁਪਏ ਵਿਚ ਗੱਲ ਕਰ ਕੇ ਸੀ.ਬੀ.ਆਈ. ਨੂੰ ਦੱਸਿਆ ਤੇ ਅੱਜ ਉਹ ਆਪਣੀ ਪੂਰੀ ਟੀਮ ਸਮੇਤ ਇੱਥੇ ਪੁੱਜੇ | ਭਾਰਤੀ ਖ਼ੁਰਾਕ ਨਿਗਮ ਦਾ ਡੀਪੂ ਮੈਨੇਜਰ ਨਵਤੇਜ ਕੁਮਾਰ ਵੇਅਰ ਹਾਊਸ ਵਿਚ ਪੈਸੇ ਲੈਣ ਆ ਗਿਆ ਸੀ ਅਤੇ ਟੀ. ਏ. ਅਮਨਦੀਪ ਸਿੰਘ ਨੇ 30 ਹਜ਼ਾਰ ਰੁਪਏ ਦੇ ਕੇ ਉਸ ਨੂੰ ਰੰਗੇ ਹੱਥੀਂ ਕਾਬੂ ਕਰਵਾ ਦਿੱਤਾ | ਸੀ. ਬੀ. ਆਈ. ਦੀ ਟੀਮ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |