ਚੰਡੀਗੜ੍ਹ, : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ 17 ਜੂਨ ਨੂੰ ਫਿਲਮ ਉੜਤਾ ਪੰਜਾਬ ਦੇ ਰਿਲੀਜ਼ ਹੋਣ ਦੀ ਤਰੀਖ਼ ਵਾਲੇ ਦਿਨ ਅੰਮ੍ਰਿਤਸਰ ਦੇ ਮਜੀਠਾ ਵਿਚ ਫਿਲਮ ਦੀਆਂ ਬਗੈਰ ਕੱਟੀਆਂ ਕਾਪੀਆਂ ਰਿਲੀਜ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੈਕਸਿਕੋ ਦੀ ਤਰ੍ਹਾਂ ਮਜੀਠਾ ਪੰਜਾਬ ਵਿਚ ਨਸ਼ੇ ਦੀ ਵਪਾਰ ਦਾ ਕੇਂਦਰ ਬਣ ਚੁੱਕਾ ਹੈ, ਅਜਿਹੇ ਵਿਚ ਉਨ੍ਹਾਂ ਨੇ ਇਥੇ ਫਿਲਮ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ।
ਇਸ ਲੜੀ ਕੈਪਟਨ ਅਮਰਿੰਦਰ ਨੇ ਫਿਲਮ ਦੇ ਨਿਰਮਾਣਕਾਰਾਂ ਅਨੁਰਾਗ ਕਸ਼ਿਅਪ ਤੇ ਏਕਤਾ ਕਪੂਰ ਨੂੰ ਚਿੱਠੀ ਲਿੱਖ ਕੇ ਉਨ੍ਹਾਂ ਨੂੰ ਫਿਲਮ ਦੀਆਂ ਬਗੈਰ ਕੱਟੀਆਂ ਸੀ.ਡੀਜ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਉਹ 17 ਜੂਨ ਨੂੰ ਵਿਸ਼ਵ ਭਰ ਵਿਚ ਫਿਲਮ ਨੂੰ ਰਿਲੀਜ਼ ਕਰਨ ਲਈ ਤੈਅ ਤਰੀਕ ਵਾਲੇ ਦਿਨ ਇਨ੍ਹਾਂ ਨੂੰ ਰਿਲੀਜ਼ ਕਰ ਸਕਣ।
ਸਾਬਕਾ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਮਜੀਠਾ ਵਿਚ ਫਿਲਮ ਨੂੰ ਰਿਲੀਜ਼ ਕਰਨ ਦਾ ਉਦੇਸ਼ ਅਕਾਲੀਆਂ ਤੇ ਭਾਜਪਾ ਨੂੰ ਇਹ ਦੱਸਣਾ ਹੈ ਕਿ ਭਾਵੇਂ ਉਹ ਸੱਚਾਈ ਨੂੰ ਦਬਾਉਣ ਦੀ ਜਿੰਨੀ ਵੀ ਮਰਜੀ ਕੋਸ਼ਿਸ਼ ਕਰ ਲੈਣ, ਉਹ ਕਿਸੇ ਵੀ ਕੀਮਤ ‘ਤੇ ਉਸ ਤੋਂ ਪਰਦਾ ਚੁੱਕ ਕੇ ਰਹਿਣਗੇ।
ਫਿਲਮ ਦੇ ਨਿਰਮਾਣਕਾਰਾਂ ਨੂੰ ਲਿੱਖੀ ਚਿੱਠੀ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਨਾ ਸਿਰਫ ਪੰਜਾਬ ਦੀ ਕੌੜੀ ਸੱਚਾਈ ਨੂੰ ਸੱਭ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਨ, ਬਲਕਿ ਉਨ੍ਹਾਂ ਨੇ ਸੰਵਿਧਾਨ ਵੱਲੋਂ ਸਾਨੂੰ ਦਿੱਤੇ ਬੋਲਣ ਤੇ ਆਪਣੇ ਵਿਚਾਰ ਰੱਖਣ ਦੇ ਅਧਿਕਾਰ ਉਪਰ ਵੀ ਜੋਰ ਦਿੱਤਾ ਹੈ, ਜਿਸਨੂੰ ਅਕਾਲੀਆਂ ਦੇ ਇਸ਼ਾਰੇ ‘ਤੇ ਭਾਜਪਾ ਸੈਂਸਰ ਬੋਰਡ ਦੀ ਵਰਤੋਂ ਕਰਕੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਕੈਪਟਨ ਅਮਰਿੰਦਰ ਨੇ ਨਿਰਮਾਣਕਾਰਾਂ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਬਗੈਰ ਕੱਟੀ ਫਿਲਮ ਨੂੰ ਰਿਲੀਜ਼ ਕਰਨ ਸਬੰਧੀ ਸਾਰੀ ਕਾਨੂੰਨੀ ਜਿੰਮੇਵਾਰੀ ਸਿਰਫ ਉਨ੍ਹਾਂ ਦੀ ਹੋਵੇਗੀ। ਉਹ ਤੁਹਾਨੂੰ ਗਰੰਟੀ ਦਿੰਦੇ ਹਨ ਕਿ ਬਗੈਰ ਕੱਟੀ ਫਿਲਮ ਨੂੰ ਰਿਲੀਜ ਕਰਨ ‘ਤੇ ਪੈਦਾ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਉਲਝਨ ਲਈ ਉਹ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ, ਕਿਉਂਕਿ ਸਾਡਾ ਮੰਨਣਾ ਹੈ ਕਿ ਸੱਚਾਈ ਸੱਭ ਦੇ ਸਾਹਮਣੇ ਆਉਣੀ ਚਾਹੀਦੀ ਹੈ, ਭਾਵੇਂ ਇਸ ਲਈ ਸਾਨੂੰ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਸੋਚ ਸਮਝ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਨੂੰ ਫਿਲਮ ਰਿਲੀਜ਼ ਕਰਨ ਵਾਸਤੇ ਚੁਣਿਆ ਹੈ, ਕਿਉਂਕਿ ਮਜੀਠਾ ਸ਼ਹਿਰ ਨਾ ਸਿਰਫ ਪੰਜਾਬ ਦਾ ਮੈਕਸਿਕੋ ਬਣ ਚੁੱਕਾ ਹੈ, ਬਲਕਿ ਇਸਦਾ ਨਾਂ ਚਿੱਟਾ (ਸਿੰਥੇਟਿਕ ਨਸ਼ੇ) ਵਜੋਂ ਵਰਤਿਆ ਜਾਣ ਲੱਗਾ ਹੈ, ਜਿਸਨੇ ਪੰਜਾਬ ਦੀ ਪੂਰੀ ਪੀੜ੍ਹੀ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਿਰਮਾਣਕਾਰਾਂ ਦੇ ਕਮਰਸ਼ਿਅਲ ਹਿੱਤਾਂ ਨੂੰ ਬਚਾਉਣ ਖਾਤਿਰ ਸੈਂਸਰ ਬੋਰਡ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਰੋਸ ਪ੍ਰਗਟਾਉਂਦਿਆਂ ਇਹ ਫਿਲਮ ਮਜੀਠਾ ਵਿਚ ਸਿਰਫ ਰਿਲੀਜ਼ ਵਾਲੇ ਦਿਨ ਹੀ ਦਿਖਾਈ ਜਾਵੇਗੀ। ਇਸ ਤੋਂ ਇਲਾਵਾ, ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਵੀ ਮੁਸ਼ਕਿਲ ਨਾਲ ਥਿਏਟਰਾਂ ਵਿਚ ਫਿਲਮ ਦੇਖਣ ਦਾ ਮੌਕਾ ਮਿੱਲਦਾ ਹੈ।
ਅੰਮ੍ਰਿਤਸਰ ਤੋਂ ਮੈਂਬਰ ਲੋਕ ਸਭਾ ਨੇ ਪੰਜਾਬ ਦੀ ਕੌੜੀ ਸੱਚਾਈ ਨੂੰ ਵੱਡੇ ਪਰਦੇ ‘ਤੇ ਲਿਆਉਣ ਵਾਸਤੇ ਨਿਰਮਾਣਕਾਰਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਦੀ ਹਾਲਤ ਨੂੰ ਦੁਨੀਆਂ ਸਾਹਮਣੇ ਲਿਆਉਣ ਵਾਸਤੇ ਉਨ੍ਹਾਂ (ਨਿਰਮਾਣਕਾਰਾਂ) ਦਾ ਦਿਲੋਂ ਧੰਨਵਾਦ ਕਰਦੇ ਹਨ। ਜਿਹੜੇ ਫਿਲਮ ਨੂੰ ਬਣਾਉਣ ਪਿੱਛੇ ਛਿੱਪੀ ਇਕ ਵਧੀਆ ਸੋਚ ਨੂੰ ਨੇਪਰੇ ਚਾੜ੍ਹਨ ਲਈ ਸੱਭ ਕੁਝ ਕਰਨਗੇ।
ਇਸ ਦੌਰਾਨ ਉਨ੍ਹਾਂ ਨੇ ਸੈਂਸਰ ਬੋਰਡ ਦੇ ਚੇਅਰਮੈਨ ਪਹਲਾਜ ਨਿਹਲਾਨੀ ਤੇ ਵੀ ਚੁਟਕੀ ਲਈ ਹੈ, ਜਿਹੜੇ ਆਪਣੇ ਤਰਕਹੀਣ ਵਤੀਰੇ ਨਾਲ ਭਾਜਪਾ ਪ੍ਰਤੀ ਆਪਣੀ ਇਮਾਨਦਾਰੀ ਨੂੰ ਯਕੀਨੀ ਬਣਾਏ ਹੋਏ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉੜਤਾ ਪੰਜਾਬ ਨੂੰ ਲੈ ਕੇ ਪੈਦਾ ਹੋਏ ਵਿਵਾਦ ਪ੍ਰਤੀ ਉਨ੍ਹਾਂ ਦੀ ਵਤੀਰੇ ਨੇ ਭਵਿੱਖ ਵਿਚ ਅਜਿਹੀ ਕਿਸੇ ਵੀ ਜਿੰਮੇਵਾਰੀ ਲਈ ਉਨ੍ਹਾਂ ਨੂੰ ਨਾਕਾਬਿਲ ਬਣਾ ਦਿੱਤਾ ਹੈ। ਜਿਨ੍ਹਾਂ ਦੇ ਫਿਲਮ ਦੇ ਨਿਰਮਾਣਕਾਰਾਂ ਖਿਲਾਫ ਹੀ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਸਨ।