ਹੁਸ਼ਿਆਰਪੁਰ, : ਚੌਕਸੀ ਵਿਭਾਗ ਵੱਲੋਂ ਉਦਯੋਗ ਵਿਭਾਗ ਹੁਸ਼ਿਆਰਪੁਰ ਦੇ ਜਨਰਲ ਮੈਨੇਜਰ ਨੂੰ 1.50 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿ੍ਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸੂਤਰਾਂ ਅਨੁਸਾਰ ਇਹ ਸਾਰੀ ਕਾਰਵਾਈ ਚੌਕਸੀ ਵਿਭਾਗ ਦੇ ਫਲਾਇੰਗ ਸਕੁਐਡ ਵੱਲੋਂ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. ਚੌਕਸੀ ਵਿਭਾਗ ਬਠਿੰਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਹਰਜੀ ਸਟੋਨ ਕਰੈਸ਼ਰ ਤਲਵਾੜਾ ਦੇ ਮਾਲਕ ਹਪ੍ਰੀਤ ਸਿੰਘ ਨੇ ਚੌਕਸੀ ਵਿਭਾਗ ਕੋਲ ਸ਼ਿਕਾਇਤ ਕੀਤੀ ਸੀ ਕਿ ਜਨਰਲ ਮੈਨੇਜਰ ਉਦਯੋਗ ਵਿਭਾਗ ਹੁਸ਼ਿਆਰਪੁਰ ਸੁਭਾਸ਼ ਚੰਦਰ ਉਸ ਕੋਲੋਂ ਕਰੈਸ਼ਰ ਚਲਾਉਣ ਦੇ ਇਵਜ਼ ਵਜੋਂ ਧੱਕੇ ਨਾਲ ਰਿਸ਼ਵਤ ਲੈ ਰਿਹਾ ਹੈ | ਉਨਾ ਦੱਸਿਆ ਕਿ ਇਸ ਤਰਾਂ ਹੋਰ ਵੀ ਕਰੈਸ਼ਰ ਮਾਲਕਾਂ ਨੇ ਚੌਕਸੀ ਵਿਭਾਗ ਕੋਲ ਉਕਤ ਅਧਿਕਾਰੀ ਖਿਲਾਫ਼ ਇਸ ਤਰਾਂ ਦੀਆਂ ਸ਼ਿਕਾਇਤਾਂ ਕੀਤੀਆਂ ਸਨ | ਉਨਾ ਦੱਸਿਆ ਕਿ ਪਿਛਲੇ ਦਿਨੀਂ ਉਕਤ ਅਧਿਕਾਰੀ ਹਰਜੀ ਸਟੋਨ ਕਰੈਸ਼ਰ ਦੇ ਮਾਲਕ ਤੋਂ 1.50 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ | ਅੱਜ ਤੈਅ ਹੋਏ ਸੌਦੇ ਅਨੁਸਾਰ ਹਰਪ੍ਰੀਤ ਸਿੰਘ ਬਾਅਦ ਦੁਪਹਿਰ ਕਰੀਬ 2 ਵਜੇ ਸੁਭਾਸ਼ ਚੰਦਰ ਨੂੰ 1.50 ਲੱਖ ਰੁਪਏ ਦੀ ਰਿਸ਼ਵਤ ਦੇਣ ਲਈ ਉਸ ਦੇ ਕਮਰੇ ‘ਚ ਗਿਆ | ਇਸੇ ਦੌਰਾਨ ਚੌਕਸੀ ਵਿਭਾਗ ਦੇ ਐੱਸ.ਪੀ. ਭੁਪਿੰਦਰ ਸਿੰਘ ਦੀ ਅਗਵਾਈ ‘ਚ ਸੁਭਾਸ਼ ਚੰਦਰ ਨੂੰ ਮੌਕੇ ‘ਤੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ | ਚੌਕਸੀ ਵਿਭਾਗ ਵੱਲੋਂ ਗਵਾਹ ਦੇ ਤੌਰ ‘ਤੇ ਲੋਕ ਨਿਰਮਾਣ ਵਿਭਾਗ ਐੱਸ.ਏ.ਐੱਸ. ਨਗਰ ਦੇ ਸਹਾਇਕ ਇੰਜੀਨੀਅਰ ਜਸਵੀਰ ਸਿੰਘ ਅਤੇ ਹਰਦਿਆਲ ਸਿੰਘ ਨੂੰ ਨਾਲ ਲਿਆ ਗਿਆ ਸੀ | ਗਿ੍ਫ਼ਤਾਰ ਕੀਤੇ ਗਏ ਦੋਸ਼ੀ ਨੂੰ ਚੌਕਸੀ ਵਿਭਾਗ ਦੀ ਟੀਮ ਆਪਣੇ ਨਾਲ ਐੱਸ. ਏ. ਐੱਸ. ਨਗਰ ਲੈ ਗਈ ਹੈ |