ਪਟਿਆਲਾ : ਉਚੇਰੀ ਸਿਖਿਆ ਦੇ ਪਸਾਰ ਵਿੱਚ ਸਰਕਾਰੀ ਦੇ ਨਾਲ-ਨਾਲ ਨਿੱਜੀ ਵਿਦਿਅਕ ਸੰਸਥਾਵਾਂ ਦਾ ਵੀ ਵੱਡਾ ਯੋਗਦਾਨ ਹੈ। ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉਚੇਰੀ ਸਿਖਿਆ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਐਫੀਲੀਏਟਡ ਐਜੂਕੇਸ਼ਨ ਕਾਲਜਾਂ ਦੀ ਸਾਂਝੀ ਜਥੇਬੰਦੀ ਫੈਡਰੇਸਨ ਆਫ ਸੈਲਫ ਫਾਇਨਾਂਸਡ ਕਾਲਜ ਆਫ ਐਜੂਕੇਸ਼ਨ ਵੱਲੋਂ ਹਰਪਾਲ ਟਿਵਾਣਾ ਕਲਾਂ ਕੇਂਦਰ ਵਿਖੇ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਰੱਖੜਾ ਨੇ ਕਿਹਾ ਕਿ ਬਿਨਾਂ ਸਰਕਾਰ ਦੀ ਵਿੱਤੀ ਮੱਦਦ ਤੋਂ ਇਹਨਾਂ ਕਰੀਬ 208 ਕਾਲਜਾਂ ਵੱਲੋਂ ਬੀ. ਐਡ. ਅਤੇ ਈ .ਈ. ਟੀ. ਦੀ ਪੜਾਈ ਉਪਲੱਭਦ ਕਰਾ ਕੇ ਉਚੇਰੀ ਸਿਖਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।
ਸ. ਰੱਖੜਾ ਨੇ ਕਿਹਾ ਕਿ ਮੌਜੂਦਾ ਸਮੇਂ ਸਾਡੇ ਸਿਰਫ 20 ਫੀਸਦੀ ਬੱਚੇ ਹੀ ਉਚੇਰੀ ਸਿਖਿਆ ਪ੍ਰਦਾਨ ਕਰਦੇ ਹਨ ਪਰ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਵੇਂ ਕਾਲਜ ਖੋਲਕੇ ਅਤੇ ਲੌੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਕੇ ਉਚੇਰੀ ਸਿਖਿਆ ਦੀ ਇਸ ਦਰ ਨੂੰ 30 ਫੀਸਦੀ ਤੱਕ ਲਿਜਾਣ ਦਾ ਟੀਚਾ ਮਿਥਿਆ ਹੈ ਪਰ ਇਸ ਮੁਕਾਬਲੇਬਾਜੀ ਦੇ ਯੁਗ ਵਿੱਚ ਟੀਚੇ ਦੀ ਪ੍ਰਾਪਤੀ ਮਿਆਰੀ ਸਿਖਿਆ ਤੋਂ ਬਿਨ੍ਹਾਂ ਸੰਭਵ ਨਹੀਂ ਹੈ। ਉਹਨਾਂ ਸਮੂਹ ਵਿਦਿਆਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਮਿਆਰੀ ਸਿਖਿਆ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡਣ। ਸ. ਰੱਖੜਾ ਨੇ ਂਿੲਸ ਮੌਕੇ ਨਿੱਜੀ ਕਾਲਜਾਂ ਵੱਲੋਂ ਦੱਸੀਆਂ ਮੁਸ਼ਕਲਾਂ ਦੇ ਛੇਤੀ ਹੱਲ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਇਹਨਾਂ ਵਿਦਿਅਕ ਸੰਸਥਾਵਾਂ ਦੀ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸ. ਜਗਜੀਤ ਸਿੰਘ ਧੂਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਸੰਸਥਾਵਾਂ ਸਰਕਾਰ ਦੀ ਬਿਨ੍ਹਾਂ ਕਿਸੇ ਵਿੱਤੀ ਮੱਦਦ ਤੋਂ ਚੱਲ ਰਹੀਆਂ ਹਨ। ਪਰ ਯੂ. ਜੀ. ਸੀ., ਐਨ. ਸੀ. ਟੀ. ਈ. ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਨਿਯਮਾਂ ਵਿੱਚ ਇਕਸਾਰਤਾ ਨਾ ਹੋਣ ਕਾਰਣ ਉਹਨਾਂ ਨੂੰ ਭਾਰੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ੳਹਨਾਂ ਸ. ਰੱਖੜਾ ਤੋਂ ਮੰਗ ਕੀਤੀ ਕਿ ਇਹ ਸਾਰੇ ਨਿਯਮਾਂ ਵਿੱਚ ਇਕਸਾਰਤਾ ਲਿਆਂਦੀ ਜਾਵੇ ਅਤੇ ਪੁਰਾਣੀਆਂ ਵਿਦਿਅਕ ਸੰਸਥਾਵਾਂ ‘ਤੇ ਸੀ. ਐਲ. ਯੂ. ਦੀ ਲਗਾਈ ਗਈ ਸ਼ਰਤ ਖਤਮ ਕੀਤੀ ਜਾਵੇ। ਇਸ ਮੌਕੇ ਡਾ. ਬਲਵੰਤ ਸਿੰਘ ਅਤੇ ਸ੍ਰੀਮਤੀ ਸਡਾਨਾ ਨੇ ਵੀ ਨਿੱਜੀ ਕਾਲਜਾਂ ਨੂੰ ਦਰਪੇਸ਼ ਮੁਸ਼ਕਲਾਂ ‘ਤੇ ਚਾਨਣਾ ਪਾਇਆ। ਇਸ ਮੌਕੇ ਡੀ.ਪੀ.ਆਈ. ਕਾਲਜਾਂ ਸ੍ਰੀ ਟੀ.ਕੇ. ਗੋਇਲ ਨੇ ਦੱਸਿਆ ਕਿ ਉਚੇਰੀ ਸਿਖਿਆ ਮੰਤਰੀ ਨੇ ਨਿੱਜੀ ਕਾਲਜਾਂ ਦੀਆਂ ਮੰਗਾਂ ਤੇ ਦਰਪੇਸ਼ ਮੁਸ਼ਕਲਾਂ ਦੇ ਛੇਤੀ ਨਿਪਟਾਰੇ ਦੀਆਂ ਉਚ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਇਸ ਮੌਕੇ ਇਹਨਾਂ ਕਾਲਜਾਂ ਦੀ ਫੈਡਰੇਸ਼ਨ ਵੱਲੋਂ ਉਚੇਰੀ ਸਿਖਿਆ ਦੇ ਖੇਤਰ ਵਿੱਚ ਕੀਤੇ ਸ਼ਲਾਘਾ ਯੋਗ ਉਪਰਾਲਿਆਂ ਸਦਕਾ ਸ. ਰੱਖੜਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਫੈਡਰੇਸ਼ਨ ਦੇ ਸਕੱਤਰ ਸ੍ਰੀ ਪ੍ਰਵੀਨ ਗੋਇਲ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਅੰਤ ਵਿੱਚ ਫੈਡਰੇਸ਼ਨ ਵੱਲੋਂ ਸ. ਰੱਖੜਾ ਦੇ ਓ.ਐਸ.ਡੀ. ਸ੍ਰੀ ਰਵੀ ਆਹਲੂਵਾਲੀਆ, ਸ. ਜਸਵਿੰਦਰ ਸਿੰਘ ਚੀਮਾ ਤੇ ਡੀ.ਪੀ.ਆਈ. ਕਲਾਂ ਸ੍ਰੀ ਵੀ.ਕੇ ਗੋਇਲ ਨੂੰ ਵੀ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਡਾ. ਆਨੰਦ ਅੰਮ੍ਰਿਤਸਰ, ਸ੍ਰੀ ਐਸ.ਐਸ. ਸੰਧੂ, ਸ. ਬਿਕਰਮਜੀਤ ਸਿੰਘ ਬਾਠ, ਸ੍ਰੀ ਰਵੀ ਕਾਲੜਾ, ਸ੍ਰੀ ਸ਼ਤੀਸ਼ ਗੋਇਲ, ਸ੍ਰੀ ਰਾਕੇਸ਼ ਗੋਇਲ, ਸ. ਜਸਨੀਕ ਸਿੰਘ ਤੇ ਸ੍ਰੀ ਮਨੋਜ ਬਾਂਸਲ ਸਮੇਤ ਵੱਖ-ਵੱਖ ਕਾਲਜਾਂ ਦੇ ਚੇਅਰਮੈਨ, ਪ੍ਰਬੰਧਕ, ਪ੍ਰਿੰਸੀਪਲ ਤੇ ਹੋਰ ਨੁਮਾਇੰਦੇ ਵੀ ਹਾਜਰ ਸਨ।