ਪਟਿਆਲਾ, ਆਜੀਵਿਕਾ ਮਿਸ਼ਨ ਤਹਿਤ ਪਟਿਆਲਾ ਜਿਲਾਂ ਦੇ ਪਿੰਡਾਂ ਵਿੱਚ ਸਵੈ ਸਹਾਇਤਾ ਸਮੂਹਾਂ ਦਾ ਗਠਨ ਆਉਣ ਵਾਲੇ ਸਮੇਂ ਵਿੱਚ ਲੋੜਵੰਦਾਂ ਲਈ ਵੱਡੀ ਆਰਥਿਕ ਤਬਦੀਲੀ ਦਾ ਜ਼ਰੀਆ ਸਾਬਤ ਹੋਵੇਗਾ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਬਲਾਕ ਸਨੌਰ ਦੇ ਪਿੰਡਾਂ ਮੈਣ, ਖੇੜਾ ਜੱਟਾਂ ਅਤੇ ਖੇੜੀ ਬਰਨਾ ਵਿਖੇ ਕਾਰਜਸ਼ੀਲ 23 ਸਵੈ ਸਹਾਇਤਾ ਸਮੂਹਾਂ ਨੂੰ ਚੈਕ ਵੰਡਣ ਸਮੇਂ ਕੀਤਾ। ਸ. ਰੱਖੜਾ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੀ ਵਿੱਤੀ ਤੇ ਸਮਾਜਿਕ ਹਾਲਤ ਵਿੱਚ ਸੁਧਾਰ ਲਿਆਉਣ ਲਈ ਚਲਾਏ ਗਏ ਆਜੀਵਿਕਾ ਮਿਸ਼ਨ ਨੇ ਪਿਛਲੇ ਕੁਝ ਸਮੇਂ ਵਿੱਚ ਹੀ ਲੋੜਵੰਦਾਂ ‘ਤੇ ਸਫ਼ਲ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੀ ਮਿਹਨਤ ਨਾਲ ਇਨਾਂ ਸਮੂਹਾਂ ਦੇ ਮੈਂਬਰ ਵਧੀਆ ਆਮਦਨ ਦੇ ਸਰੋਤ ਕਾਇਮ ਕਰਨ ਦੇ ਸਮਰੱਥ ਹੋ ਸਕੇ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੇਸ਼ ਤ੍ਰਿਪਾਠੀ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ 23 ਸਵੈ ਸਹਾਇਤਾ ਸਮੂਹਾਂ ਨੂੰ 15-15 ਹਜ਼ਾਰ ਰੁਪਏ ਦੇ ਚੈਕ ਪ੍ਰਦਾਨ ਕੀਤੇ ਗਏ। ਇਸ ਮੌਕੇ ਬਲਾਕ ਸਨੌਰ ਦੇ ਪਿੰਡ ਸੂਲਰ ‘ਚ ਕਾਰਜਸ਼ੀਲ ਸਮੂਹਾਂ ਨੂੰ ਵੀ ਫੰਡ ਦੀ ਵੰਡ ਕੀਤੀ ਗਈ ਅਤੇ ਪੰਜ ਪਿੰਡਾਂ ਦੀਆਂ ਸੰਸਥਾਵਾਂ ਨੂੰ ਦਫ਼ਤਰ ਸਥਾਪਤ ਕਰਨ ਲਈ ਵੀ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਗਈ। ਇਸ ਮੌਕੇ ਤ੍ਰਿਪਾਠੀ ਨੇ ਆਜੀਵਿਕਾ ਮਿਸ਼ਨ ਤਹਿਤ ਕੀਤੇ ਜਾਣ ਵਾਲੇ ਕਾਰਜਾਂ ਅਤੇ ਹੁਣ ਤੱਕ ਦੀ ਪ੍ਰਗਤੀ ਬਾਰੇ ਜਾਣੂ ਕਰਵਾਇਆ।
ਇਸ ਪ੍ਰੋਗਰਾਮ ਦੌਰਾਨ ਸ ਕੁਲਵੰਤ ਸਿੰਘ, ਜਿਲਾਂ ਪ੍ਰੋਗਰਾਮ ਮੈਨੇਜਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਵੈ ਸਹਾਇਤਾ ਸਮੂਹ ਦੇ ਗਠਨ ਮਗਰੋਂ 15 ਹਜਾਰ ਰੁਪਏ ਦਾ ਰਿਵਾਲਵਿੰਗ ਫੰਡ ਦਿੱਤਾ ਜਾਂਦਾ ਹੈ ਅਤੇ ਸਮੂਹ ਦੇ ਗਠਨ ਤੋਂ 6 ਮਹੀਨੇ ਬਾਅਦ ਬੈਂਕਾਂ ਤੋਂ 1 ਤੋਂ 3 ਲੱਖ ਰੁਪਏ ਤੱਕ ਦਾ ਕਰਜਾ ਮੁਹੱਈਆ ਕਰਵਾਇਆ ਜਾਂਦਾ ਹੈ।