ਅੰਮਿ੍ਤਸਰ : ਨਕਲੀ ਨੋਟ ਛਾਪ ਕੇ ਬਜ਼ਾਰ ‘ਚ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੂੰ ਕਾਊਾਟਰ ਇੰਟੈਲੀਜੈਂਸ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ, ਜਿਸ ਪਾਸੋਂ ਪੁਲਿਸ ਨੇ ਇਕ ਲੱਖ 77 ਸੌ ਰੁਪਏ ਦੀ ਜਾਅਲੀ ਕਰੰਸੀ ਤੇ ਪਿ੍ੰਟਰ ਸਕੈਨਰ ਵੀ ਬਰਾਮਦ ਕਰ ਲਿਆ ਹੈ | ਇਹ ਵਿਅਕਤੀ ਇਕ ਲੱਖ ਦੀ ਨਕਦੀ ਕਰੰਸੀ ਛਾਪ ਕੇ 30 ਹਜ਼ਾਰ ‘ਚ ਵੇਚ ਦਿੰਦਾ ਸੀ | ਇਹ ਖੁਲਾਸਾ ਕਰਦਿਆਂ ਕਾਊਾਟਰ ਇੰਟੈਲੀਜੈਂਸ ਦੇ ਆਈ. ਜੀ. ਸ੍ਰੀ ਐਮ.ਐਫ. ਫਾਰੂਕੀ ਨੇ ਦੱਸਿਆ ਕਿ ਸ: ਰਣਧੀਰ ਸਿੰਘ ਉੱਪਲ ਏ.ਆਈ.ਜੀ. ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ‘ਤੇ ਪਠਾਨਕੋਟ ਤੇ ਅੰਮਿ੍ਤਸਰ ਦੇ ਵਿੰਗ ਵੱਲੋਂ ਸਾਂਝੇ ਤੌਰ ‘ਤੇ ਕੀਤੀ ਕਾਰਵਾਈ ਦੌਰਾਨ ਸਥਾਨਕ ਬੱਸ ਅੱਡੇ ਤੋਂ ਇਕ ਵਿਅਕਤੀ ਨੂੰ 7700 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਨਾਲ ਗਿ੍ਫ਼ਤਾਰ ਕੀਤਾ ਗਿਆ | ਗਿ੍ਫਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਮਨੋਜ ਕੁਮਾਰ ਵਾਸੀ ਅਜੀਤ ਸਿੰਘ ਨਗਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੇ ਘਰ ਦੀ ਤਲਾਸ਼ੀ ਲਏ ਜਾਣ ‘ਤੇ ਇਕ ਲੱਖ ਦੀ ਹੋਰ ਨਕਦੀ ਬਰਾਮਦ ਹੋਈ | ਉਨਾ ਦੱਸਿਆ ਕਿ ਵਿਅਕਤੀ ਦੀ ਪੁੱਛਗਿੱਛ ਦੌਰਾਨ ਜੋ ਉਸ ਨੇ ਦੱਸਿਆ ਉਹ ਹੈਰਾਨ ਕਰਨ ਵਾਲਾ ਸੀ ਉਹ ਕੇਵਲ ਅਸਲੀ ਨੋਟ ਸਕੈਨ ਕਰਕੇ ਉਸ ਦੇ ਪਿ੍ੰਟ ਤਿਆਰ ਕਰ ਲੈਂਦਾ ਸੀ ਤੇ ਬਜ਼ਾਰ ‘ਚ ਇਕ ਲੱਖ ਦੀ ਜਾਅਲੀ ਕਰੰਸੀ ਤੀਹ ਹਜ਼ਾਰ ‘ਚ ਵੇਚ ਰਿਹਾ ਸੀ | ਕਥਿਤ ਦੋਸ਼ੀ ਸਧਾਰਨ ਏ 4 ਸਾਈਜ਼ ਦੇ ਪੇਪਰ ‘ਤੇ ਹੀ ਨੋਟ ਛਾਪਦਾ ਸੀ, ਜਿਸ ਨੇ ਪੁਲਿਸ ਨੂੰ ਦੱਸਿਆ ਕਿ 1600 ਰੁਪਏ ਦੀ ਸਿਆਹੀ ਨਾਲ 1 ਲੱਖ ਰੁਪਏ ਦੇ ਨੋਟ ਛਪ ਜਾਂਦੇ ਸਨ | ਹੁਣ ਪੁਲਿਸ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ, ਜਿਸ ਨੇ ਉਕਤ ਨੋਟ ਖਰੀਦੇ ਸਨ | ਉਨਾ ਦੱਸਿਆ ਕਿ ਕੁਝ ਨੋਟ ਉਕਤ ਵਿਅਕਤੀ ਨੇ ਖੁਦ ਹੀ ਮਾਰਕੀਟ ‘ਚ ਚਲਾਏ ਤੇ ਬਾਕੀ ਅੰਮਿ੍ਤਸਰ, ਬਟਾਲਾ ਤੇ ਗੁਰਦਾਸਪੁਰ ਖੇਤਰਾਂ ‘ਚ ਵੇਚ ਦਿੱਤੇ | ਉਨਾ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਬਟਾਲਾ ਦਾ ਰਹਿਣ ਵਾਲਾ ਕੋਈ ਵਿਅਕਤੀ ਅੰਮਿ੍ਤਸਰ ਜਾਅਲੀ ਕਰੰਸੀ ਦੀ ਸਪਲਾਈ ਦੇਣ ਲਈ ਆ ਰਿਹਾ ਹੈ ਜਿਸ ਦੌਰਾਨ ਉਸ ਨੂੰ ਇਥੇ ਕਾਬੂ ਕਰ ਲਿਆ ਗਿਆ |