ਪਟਿਆਲਾ, :ਪੰਜਾਬ ਦੇ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਕਾਂ ਦੀ ਆਮਦਨ ਵਿੱਚ ਵਾਧਾ ਕਰਨ ਵਾਲੀ ਕਾਮਨ ਕਾਰਪ ਮੱਛੀ ਦੀ ਸੁਧਰੀ ਹੋਈ ਕਿਸਮ ‘ਅਮੂਰ ਕਾਰਪ’ ਭਵਿੱਖ ਵਿੱਚ ਪੰਜਾਬ ਦੇ ਲੋਕਾਂ ਲਈ ਉਪਲਬਧ ਹੋ ਜਾਵੇਗੀ। ਪੱਛਮੀ ਏਸ਼ੀਆਈ ਨਦੀਆਂ ਵਿੱਚ ਸਦੀਆਂ ਤੋਂ ਪਾਈ ਜਾਣ ਵਾਲੀ ਕਾਮਨ ਕਾਰਪ ਮੱਛੀਆਂ ਦੀਆਂ ਵੱਖ ਵੱਖ ਕਿਸਮਾਂ ਦੇ ਬਿਹਤਰੀਨ ਗੁਣਾਂ ਨੂੰ ਮਿਲਾ ਕੇ ਤਿਆਰ ਕੀਤੀ ਗਈ ਇਸ ਕਿਸਮ ਦੇ ਪੂੰਗ ਨੂੰ ਤਾਜ਼ੇ ਪਾਣੀ ਵਿੱਚ ਮੱਛੀ ਦੀ ਪੈਦਾਵਾਰ ਕਰਨ ਵਾਲੇ ਮੱਛੀ ਪਾਲਕਾਂ ਨੂੰ ਅਗਲੇ ਵਰ੍ਹੇ ਦੇ ਅੰਤ ਤੱਕ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਪੰਜਾਬ ਦੇ ਮੱਛੀ ਪਾਲਣ ਵਿਭਾਗ ਵੱਲੋਂ ‘ਅਮੂਰ ਕਾਰਪ’ ਨੂੰ ਪਟਿਆਲਾ ਦੇ ਨਾਭਾ ਸਥਿਤ ਸਰਕਾਰੀ ਮੱਛੀ ਪੂੰਗ ਫਾਰਮ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਵਿਕਸਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਸ. ਅਮਰਜੀਤ ਸਿੰਘ ਬੱਲ ਨੇ ਦੱਸਿਆ ਕਿ ‘ਅਮੂਰ ਕਾਰਪ’ ਦਾ ਪੂੰਗ, ਐਨੀਮਲ ਐਂਡ ਵੈਟਰਨਰੀ ਯੂਨੀਵਰਸਿਟੀ ਬੰਗਲੂਰੂ ਤੋਂ ਮੰਗਵਾਇਆ ਗਿਆ ਹੈ ਜਿਸ ਦੀ ਪੰਜਾਬ ਦੇ ਵਾਤਾਵਰਣ ‘ਚ ਪ੍ਰਫੁਲਤਾ ਨੂੰ ਦੇਖਦੇ ਹੋਏ ਹੀ ਭਵਿੱਖ ਵਿੱਚ ਰਾਜ ਦੇ ਹੋਰ ਜ਼ਿਲਿਆਂ ਵਿੱਚ ਇਸ ਪੂੰਗ ਦੀ ਵੰਡ ਮੱਛੀ ਪਾਲਕਾਂ ਨੂੰ ਕੀਤੀ ਜਾਵੇਗੀ। ਉਨਾ ਦੱਸਿਆ ਕਿ ਪਹਿਲੇ ਪੜਾਅ ਤਹਿਤ ‘ਅਮੂਰ ਕਾਰਪ’ ਦੀ 5000 ਪੂੰਗ ਮੰਗਵਾਈ ਗਈ ਹੈ।
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਨਾਭਾ ਦੇ ਸਰਕਾਰੀ ਪੂੰਗ ਫਾਰਮ ਵਿੱਚ ਇਸ ਕਿਸਮ ਦੇ ਬਰੂਡਰ ਤਿਆਰ ਕਰਕੇ ਅਗਲੇ ਸਾਲ ਇਨ੍ਹਾਂ ਨੂੰ ਬਰੀਡ ਕਰਵਾਇਆ ਜਾਵੇਗਾ ਅਤੇ ਪਾਲਣ ਲਈ ਇਸ ਕਿਸਮ ਦਾ ਵਧੀਆ ਪੂੰਗ ਸਪਲਾਈ ਕੀਤਾ ਜਾਵੇਗਾ। ਉਨਾ ਦੱਸਿਆ ਕਿ ਅਮੂਰ ਕਾਰਪ ਮਿੱਠੇ (ਫਰੈਸ਼) ਪਾਣੀ ਦੀ ਮੱਛੀ ਹੈ ਜੋ ਕਿ ਸ਼ਾਕਾਹਾਰੀ ਮੱਛੀਆਂ ਦੀ ਸ਼੍ਰੇਣੀ ਵਿੱਚ ਆਉਂਦੀ ਹੋਣ ਕਰਕੇ ਕਿਤੇ ਵੀ ਪਾਲੀ ਜਾ ਸਕਦੀ ਹੈ। ਸ. ਬੱਲ ਨੇ ਦੱਸਿਆ ਕਿ ਰਾਜ ਵਿੱਚ ਰਾਹੂ, ਮੁਰਾਖ਼, ਕਤਲਾ, ਗਰਾਸ ਕਾਰਪ, ਕਾਮਨ ਕਾਰਪ ਅਤੇ ਸਿਲਵਰ ਕਾਰਪ ਦੀ ਪੈਦਾਵਾਰ ਕੀਤੀ ਜਾਂਦੀ ਹੈ ਅਤੇ ਅਮੂਰ ਕਾਰਪ ਨੂੰ ਕਾਮਨ ਕਾਰਪ ਦੇ ਬਦਲ ਵਜੋਂ ਵਿਕਸਤ ਕੀਤੇ ਜਾਣ ਦੀ ਯੋਜਨਾ ਹੈ ਤਾਂ ਜੋ ਮੱਛੀ ਪਾਲਕ ਅਮੂਰ ਕਾਰਪ ਦੇ ਤੇਜ਼ੀ ਨਾਲ ਵਿਕਸਤ ਹੋਣ ਦਾ ਫਾਇਦਾ ਲੈ ਸਕਣ।
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਜੇ ‘ਅਮੂਰ ਕਾਰਪ’ ਨੂੰ ਵਿਕਸਤ ਕਰਨ ਵਿੱਚ ਸਫ਼ਲਤਾ ਹਾਸਲ ਹੋਈ ਤਾਂ ਭਵਿੱਖ ਵਿੱਚ ਮੱਛੀ ਪਾਲਕ ਵਧੇਰੇ ਮੁਨਾਫ਼ਾ ਕਮਾ ਸਕਣਗੇ। ਅਮੂਰ ਕਾਰਪ ਦੀਆਂ ਵਿਸ਼ੇਸ਼ਤਾਵਾਂ ਦੇ ਮਾਮਲੇ ‘ਚ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੌਜੂਦਾ ਕਿਸਮਾਂ ਦੀ ਤੁਲਨਾ ਵਿੱਚ 29.62 ਫੀਸਦੀ ਤੇਜ਼ੀ ਨਾਲ ਵਿਕਸਤ ਹੁੰਦੀ ਹੈ। ਪੂਰੇ ਤੌਰ ‘ਤੇ ਵਿਕਸਤ ਹੋਣ ਵਿੱਚ ਲੰਮਾ ਸਮਾਂ ਲੈਣ ਵਾਲੀ ਇਸ ਕਿਸਮ ਦੀ ਮੱਛੀ ਦਾ ਵਜ਼ਨ ਵੀ ਹੋਰਾਂ ਦੀ ਤੁਲਨਾ ਵਿੱਚ ਵੱਧ ਹੁੰਦਾ ਹੈ। ਕਾਮਨ ਕਾਰਪ ਦਾ ਔਸਤ ਵਜ਼ਨ ਜਿਥੇ 504 ਗ੍ਰਾਮ ਹੈ ਉਥੇ ਅਮੂਰ ਕਾਰਪ 717.43 ਗ੍ਰਾਮ ਦੀ ਹੋ ਜਾਂਦੀ ਹੈ। ਇਸ ਦਾ ਸਰੀਰ ਸਿਲੰਡਰਨੁਮਾ ਹੁੰਦਾ ਹੈ ਅਤੇ ਪੇਟ ਛੋਟਾ, ਪੰਜਾਬ ਵਿੱਚ ਇਸ ਨੂੰ ਕਿਤੇ ਵੀ ਪਾਲਿਆ ਜਾ ਸਕਦਾ ਹੈ। ਅਮੂਰ ਕਾਰਪ ਜਿਥੇ 4255 ਕਿਲੋ ਪ੍ਰਤੀ ਹੈਕਟਰ ਸਾਲਾਨਾ ਦਾ ਮੱਛੀ ਉਤਪਾਦਨ ਦੇਵੇਗੀ ਉਥੇ ਕਾਮਨ ਕਾਰਪ ਦੀ ਸਮਰੱਥਾ 2580 ਕਿਲੋ ਹੈ। ਸਪੱਸ਼ਟ ਹੈ ਕਿ ਉਤਪਾਦਨ ਵਿੱਚ 39 ਫੀਸਦੀ ਵਾਧਾ ਹੈ। ਮੌਜੂਦਾ ਸਮੇਂ ਵਿੱਚ ਅਨੁਮਾਨ ਹੈ ਕਿ ਪ੍ਤੀ ਹੈਕਟਰ ਮੱਛੀ ਪਾਲਕ ਦੋ ਲੱਖ ਰੁਪਏ ਸਾਲਾਨਾ ਦੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।