ਰੱਖੜਾ/ਪਟਿਆਲਾ,: ਕਾਂਗਰਸ ਪਾਰਟੀ ਦੀ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਬਾਰੇ ਲੋਕਾਂ ਨੂੰ ਸੁਚੇਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਕਾਂਗਰਸ ਦਾ ਇਹ ਇਤਿਹਾਸ ਰਿਹਾ ਹੈ ਕਿ ਇਹ ਪਾਰਟੀ ਪੰਜਾਬ ਵਿੱਚ ਸੱਤਾ ਹਾਸਲ ਕਰਨ ਲਈ ਸਦੀਆਂ ਤੋਂ ਭਰਾਵਾਂ ਵਾਂਗ ਰਹਿ ਰਹੇ ਹਿੰਦੂ-ਸਿੱਖਾਂ ਵਿੱਚ ਫਿਰਕੂ ਪਾੜਾ ਪਾਉਣ ਦੀਆਂ ਚਾਲਾਂ ਚੱਲਦੀ ਆਈ ਹੈ ਅਤੇ ਹੁਣ ਫਿਰ ਕਾਂਗਰਸ ਇਹ ਨੀਤੀ ਅਪਣਾਉਣ ਦੇ ਯਤਨਾਂ ਵਿੱਚ ਹੈ।
ਅੱਜ ਇਥੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਦੇ ਪਿਤਾ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੀ 19ਵੀਂ ਬਰਸੀ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੀ ਇਸ ਨੀਤੀ ਨੇ ਪੰਜਾਬ ਵਰਗੇ ਖੁਸ਼ਹਾਲ ਸੂਬੇ ਨੂੰ ਕਈ ਸਾਲ ਪਿੱਛੇ ਧੱਕ ਦਿੱਤਾ ਸੀ ਪਰ ਸ਼ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੇ ਸਭ ਤੋਂ ਪਹਿਲਾਂ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਕਰਕੇ ਸੂਬੇ ਨੂੰ ਮੁੜ ਵਿਕਾਸ ਦੀ ਲੀਹ ‘ਤੇ ਲਿਆਂਦਾ ਅਤੇ ਸਾਡੀ ਇਹੀ ਸਫ਼ਲਤਾ ਵਿਰੋਧੀਆਂ ਨੂੰ ਚੁੱਭਦੀ ਹੈ ਜਿਸ ਕਰਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਸਿਰਫ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲੇ ਮਾਹੌਲ ਵਿੱਚ ਜ਼ਹਿਰ ਘੋਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਦਕਿ ਸਿਆਸੀ ਪਾਰਟੀਆਂ ਨੂੰ ਸਿਆਸੀ ਮੰਚ ‘ਤੇ ਹੀ ਲੜਾਈ ਲੜਨੀ ਸ਼ੋਭਦੀ ਹੈ।
ਪੰਜਾਬ ਵਿਰੋਧੀ ਤਾਕਤਾਂ ਤੋਂ ਸੂਬੇ ਦੇ ਵਾਸੀਆਂ ਨੂੰ ਆਗਾਹ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਨੇ ਪਹਿਲਾਂ ਹੀ 15 ਸਾਲ ਦੇ ਲਗਭਗ ਦਾ ਸਮਾਂ ਕਾਲੇ ਦੌਰ ਵਿੱਚ ਹੰਢਾਇਆ ਹੈ ਅਤੇ ਓਹੀ ਤਾਕਤਾਂ ਮੁੜ ਸੂਬੇ ਨੂੰ ਉਸੇ ਦੌਰ ਵਿੱਚ ਧੱਕਣ ਦੀ ਤਾਕ ਵਿੱਚ ਹਨ। ਉਨਾਂ ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸੂਬੇ ਦੀ ਅਮਨ ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਵਿੱਚ ਕਿਸੇ ਵੀ ਕੀਮਤ ‘ਤੇ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ ਕਿਉਂਕਿ ਅਮਨ-ਅਮਾਨ ਤੋਂ ਬਿਨਾਂ ਕਿਸੇ ਸੂਬੇ ਦੇ ਵਿਕਾਸ ਤੇ ਖੁਸ਼ਹਾਲੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਅਕਾਲੀ-ਭਾਜਪਾ ਗਠਜੋੜ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਦੋਵਾਂ ਪਾਰਟੀਆਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਉਹ ਇਸ ਰਿਸ਼ਤੇ ਦੀ ਮਜ਼ਬੂਤੀ ਲਈ ਵਚਨਬੱਧਤਾ ਨਾਲ ਪਹਿਰਾ ਦਿੰਦੇ ਰਹਿਣਗੇ।
ਹਾਲ ਹੀ ਵਿੱਚ ਪੰਜਾਬ ਮੰਤਰੀ ਮੰਡਲ ਵੱਲੋਂ ਲਏ ਫੈਸਲਿਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2016 ਵਿੱਚ ਤਕਰੀਬਨ 1.14 ਲੱਖ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸਾਰੀਆਂ ਸ਼੍ਰੇਣੀਆਂ ਦੀ ਪੈਨਸ਼ਨ ਦੁੱਗਣੀ ਕਰਨ ਦੇ ਨਾਲ-ਨਾਲ ਨੰਬਰਦਾਰਾਂ ਦਾ ਮਾਣ ਭੱਤਾ ਵੀ ਵਧਾ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਨਅਤ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਸਨਅਤ ਦੀ ਮਜ਼ਬੂਤੀ ਲਈ ਆਪਣੀ ਰਿਪੋਰਟ ਦੇਵੇਗੀ।