ਪਟਿਆਲਾ, : ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸ. ਗੁਰਤੇਜ ਸਿੰਘ ਢਿੱਲੋਂ ਵਲੋਂ ਪੰਜਾਬ ਸਰਕਾਰ ਵਲੋਂ ਪਟਿਆਲਾ ਸਥਿਤ ਰਾਜਪੁਰਾ ਕਲੋਨੀ ਅਤੇ ਵੀਰ ਹਕੀਕਤ ਰਾਏ ਗਰਾਊਂਡ ਦੀ ਕੁਲ 52 ਏਕੜ ਜ਼ਮੀਨ ਨੂੰ ਪੁਡਾ ਅਧੀਨ ਲਿਆ ਕੇ ਰਿਹਾਇਸ਼ੀ ਕਲੋਨੀ ਵਜੋਂ ਵਿਕਸਤ ਕਰਨ ਦੀ ਥਾਂ ਇਸ ਨੂੰ ਕਮਰਸ਼ੀਅਲ ਏਰੀਏ ਵਜੋਂ ਵਿਕਸਤ ਕਰਨ ਸਬੰਧੀ ਇਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਭਾਜਪਾ ਦੇ ਕੌਮੀ ਉਪ ਪ੍ਰਧਾਨ ਸ੍ਰੀ ਅਵਿਨਾਸ਼ ਰਾਏ ਖੰਨਾ ਜੀ ਨੂੰ ਸੌਂਪਿਆ।
ਨਵੀਂ ਦਿੱਲੀ ਵਿਖੇ ਬੀਤੇ ਦਿਨੀਂ ਸੌਂਪੇ ਗਏ ਇਸ ਮੰਗ ਪੱਤਰ ਵਿਚ ਉਨ੍ਹਾਂ ਮੰਗ ਕੀਤੀ ਕਿ ਜੇਕਰ ਉਪਰੋਕਤ ਸਥਾਨ ਨੂੰ ਰਿਹਾਇਸ਼ੀ ਦੀ ਥਾਂ ਚੰਡੀਗੜ੍ਹ ਦੇ ਸੈਕਟਰ 17 ਸਥਿਤ ਬੱਸ ਸਟੈਂਡ ਦੀ ਤਰਜ ‘ਤੇ ਅਤੇ ਇਸ ਦੇ ਪਿਛੇ ਸ਼ਾਪਿੰਗ ਕੰਪਲੈਕਸ ਬਣਾਏ ਜਾਣ ਤਾਂ ਇਸ ਨਾਲ ਜਿਥੇ ਸਰਕਾਰ ਨੂੰ ਵੱਡਾ ਲਾਭ ਮਿਲੇਗਾ ਉਥੇ ਹੀ ਪਟਿਆਲਾ ਅੰਦਰਲੀ ਟ੍ਰੈਫਿਕ ਸਮੱਸਿਆ ਨੂੰ ਵੀ ਠੱਲ੍ ਪਵੇਗਾ। ਉਨ੍ਹਾਂ ਆਖਿਆ ਕਿ ਹੁਣ ਜਦੋਂ ਪਟਿਆਲਾ ਸ਼ਹਿਰ ਅੰਦਰ ਦੂਰ ਦਰਾਡਿਓਂ ਆ ਕੇ ਲੋਕ ਖਰੀਦਦਾਰੀ ਕਰਦੇ ਹਨ ਤਾਂ ਉਸ ਨਾਲ ਪੁਰਾਣਾ ਸ਼ਹਿਰ ਹੋਣ ਕਾਰਨ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਪੈਦਾ ਹੁੰਦੀ ਹੈ , ਪਰ ਜੇਕਰ ਬੱਸ ਸਟੈਂਡ ਦੇ ਪਿਛੇ ਹੀ ਲੋਕਾਂ ਨੂੰ ਵੱਡੀ ਮਾਰਕਿਟ ਦੀ ਸਹੂਲਤ ਮਿਲੇ ਤਾਂ ਉਨ੍ਹਾਂ ਨੂੰ ਸ਼ਹਿਰ ਅੰਦਰ ਵੜਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਹੋਰ ਵੀ ਮੰਗ ਕੀਤੀ ਕਿ ਪਟਿਆਲਾ ਲਈ ਪਹਿਲਾਂ ਬੱਸ ਸਟੈਂਡ ਲਈ ਮਥੁਰਾ ਕਲੋਨੀ ਵਿਖੇ ਅਕਵਾਇਰ ਕੀਤੀ ਗਈ ਥਾਂ ਨੂੰ ਪੁਡਾ ਅਧੀਨ ਲਿਆ ਕੇ ਰਿਹਾਇਸ਼ੀ ਕਲੋਨੀ ਵਜੋਂ ਵਿਕਸਤ ਕੀਤਾ ਜਾਵੇ। ਸ. ਢਿੱਲੋਂ ਨੇ ਆਖਿਆ ਕਿ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਪਟਿਆਲਾ ਦੇ ਪੁਰਾਤਨ ਤੇ ਪ੍ਰਸਿੱਧ ਧਾਰਮਿਕ ਸਥਾਨਾਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਅਤੇ ਮਾਤਾ ਸ੍ ਕਾਲੀ ਦੇਵੀ ਮੰਦਰ ਦੇ ਨੇੜੇ ਹਨ ਜਿਸ ਨਾਲ ਬਾਹਰੋਂ ਆਉਣ ਵਾਲੇ ਧਾਰਮਿਕ ਸ਼ਰਧਾਲੂਆਂ ਨੂੰ ਸੌਖ ਰਹਿੰਦੀ ਹੈ ਪਰ ਜੇਕਰ ਬੱਸ ਸਟੈਂਡ ਇਥੋਂ ਦੂਰ ਹੋ ਜਾਂਦਾ ਹੈ ਆਉਣ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਵੱਡੀ ਮੁਸ਼ਕਿਲ ਪੇਸ਼ ਆਵੇਗੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਕੁਲ 52 ਏਕੜ ਜ਼ਮੀਨ ਅੰਦਰ ਘੱਟੋ ਘੱਟ 3 ਏਕੜ ‘ਚ ਵੀਰ ਹਕੀਕਤ ਰਾਏ ਗਰਾਊਂਡ ਵੀ ਬਣਾਇਆ ਜਾਵੇ ਜਿਥੇ ਸ਼ਹਿਰ ਦੀ ਕੋਈ ਵੀ ਰਾਜਨੀਤਿਕ, ਧਾਰਮਿਕ ਜਾਂ ਸਮਾਜਿਕ ਜਥੇਬੰਦੀ ਕੋਈ ਸਾਂਝਾ ਪ੍ਰੋਗਰਾਮ ਕਰ ਸਕਦੀਆਂ ਹੋਣ।
ਗੁਰਤੇਜ ਸਿੰਘ ਢਿੱਲੋਂ ਵਲੋਂ ਸੌਂਪੇ ਗਏ ਮੰਗ ਪੱਤਰ ਨੂੰ ਧਿਆਨ ਨਾਲ ਪੜ੍ਹਦਿਆਂ ਭਾਜਪਾ ਦੇ ਕੌਮੀ ਉਪ ਪ੍ਧਾਨ ਸ੍ ਅਵਿਨਾਸ਼ ਰਾਏ ਖੰਨਾ ਜੀ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਇਸ ਦਾ ਢੁਕਵਾਂ ਹੱਲ ਕੱਢਣ ਦੇ ਯਤਨ ਕਰਨਗੇ।