ਚੰਡੀਗੜ੍ਹ,ਮੋਹਾਲੀ ਵਿਖੇ ਹੋਏ ਧਮਾਕੇ ਦੇ ਸੰਬੰਧ ਵਿੱਚ ਅੱਜ ਪੰਜਾਬ ਦੇ ਡੀਜੀਪੀ ਵੀਕੇ ਭਵਰਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਈ ਅਹਿਮ ਅਤੇ ਵੱਡੇ ਖੁਲਾਸੇ ਕੀਤੇ ਹਨ। ਡੀਜੀਪੀ ਨੇ ਦੱਸਿਆ ਕਿ ਹੁਣ ਤੱਕ ਕੁੱਲ੍ਹ 6 ਲੋਕਾਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਹਮਲੇ ਦਾ ਮੁੱਖ ਮੁਲਜ਼ਮ ਗੈਂਗਸਟਰ ਲਖਬੀਰ ਸਿੰਘ ਲਾਂਦਾ ਹੈ ਜੋ ਕਿ 2017 ਵਿੱਚ ਕੈਨੇਡਾ ਸ਼ਿਫਟ ਹੋ ਚੁੱਕਾ ਹੈ ਅਤੇ ਪਾਕਿਸਤਾਨ ਅਧਾਰਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਹੈ। ਡੀਜੀਪੀ ਨੇ ਦੱਸਿਆ ਕਿ ਹਮਲੇ ਦੀ ਸਾਜਿਸ਼ ਇਹਨਾਂ ਦੋਵਾਂ ਵੱਲੋਂ ਹੀ ਰਚੀ ਗਈ ਸੀ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਹਮਲੇ ਵਾਲੇ ਦਿਨ ਜਗਦੀਪ ਸਿੰਘ ਤੇ ਚੜ੍ਹਤ ਸਿੰਘ ਨਾਮ ਦੇ ਨੋਜਵਾਨਾਂ ਵੱਲੋਂ ਹਮਲੇ ਵਾਲੇ ਜਗ੍ਹਾ ਦੀ ਰੇਕੀ ਕੀਤੀ ਗਈ ਸੀ। ਇਹਨਾਂ ਵਿੱਚੋਂ ਜਗਦੀਪ ਸਿੰਘ ਨਾਮਕ ਵਿਅਕਤੀ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ,ਹਮਲਾ ਕਰਨ ਵਾਲੇ ਤਿੰਨ ਮੁੱਖ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਚੱਲ ਰਹੇ ਹਨ,ਜਿਹਨਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬਲਜੀਤ ਕੌਰ ਨਾਮਕ ਇੱਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਹੀ ਮੁਲਜ਼ਮ ਅੰਮ੍ਰਿਤਸਰ ਅਤੇ ਤਰਨਤਾਰਨ ਨਾਲ ਸੰਬੰਧਿਤ ਹਨ।
ਇਸ ਦੇ ਨਾਲ ਹੀ ਪਹਿਲਾਂ ਗ੍ਰਿਫਤਾਰ ਕੀਤੇ ਗਏ ਨਿਸ਼ਾਨ ਸਿੰਘ ਦੀ ਨਿਸ਼ਾਨਦੇਹੀ ਤੇ 2 ਨੂੰ ਯੂਪੀ ਤੋਂ ਵੀ ਗ੍ਰਿਫਤਾਰ ਕੀਤਾ ਗਿਆ ਹੈ।