ਜੰਡਿਆਲਾ ਗੁਰੂ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨ : ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਪਹਿਲੇ ਫੈਸਲੇ ਅਨੁਸਾਰ ਮਾਲ ਗੱਡੀਆਂ ਦਾ ਲਾਂਘਾ ਜਾਰੀ ਰੱਖਾਂਗੇ । ਮਾਲ ਗੱਡੀਆਂ ਲਈ 22 ਅਕਤੂਬਰ ਤੋਂ ਹੀ ਰੇਲ ਟਰੈਕ ਖਾਲੀ ਹਨ ਜੋ ਵਪਾਰੀਆਂ ਤੇ ਕਿਸਾਨਾਂ ਨੂੰ ਅੱਜ ਸਮੱਸਿਆਵਾਂ ਆ ਰਹੀਆਂ ਹਨ , ਉਸ ਲਈ ਕੇਂਦਰ ਦੀ ਮੋਦੀ ਸਰਕਾਰ ਜਿੰਮੇਵਾਰ ਹੈ ਨਾਂ ਕਿ ਕਿਸਾਨ । ਪੰਜਾਬ ਸਰਕਾਰ ਅਜਿਹੀ ਸਥਿਤੀ ਲਈ ਨਜਿੱਠਣ ਲਈ ਤਿਆਰੀ ਕਰਨ ਦੀ ਬਜ਼ਾਏ ਜਥੇਬੰਦੀਆਂ ਤੇ ਪ੍ਰਚਾਰ ਮਾਧਿਅਮਾਂ ਰਾਂਹੀ ਦਬਾਅ ਨਾਂ ਬਣਾਵੇ । ਜੇਕਰ ਕੇਂਦਰ ਕਹੇ ਕਿ ਅਸੀ ਗੱਡੀਆਂ ਤਾਂ ਚਲਾਉਣੀਆਂ ਹਨ ਪਹਿਲਾਂ ਪੰਜਾਬ ਸਰਕਾਰ ਖੇਤੀ ਕਾਨੂੰਨ ਲਾਗੂ ਕਰੋ ਤਾਂ ਕਿ ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਕੇਂਦਰ ਅੱਗੇ ਗੋਡੇ ਟੇਕੇਗੀ ਜਾਂ ਟਰੱਕਾਂ ਰਾਂਹੀ ਸਪਲਾਈ ਕਰੇਗੀ । ਇੱਕ ਦਿਨ ਤਾਂ ਸਾਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਣਾ ਹੈ ।
ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਅੱਜ ਤਰਸਿੱਕਾ ਬਲਾਕ ਦੇ 16 ਪਿੰਡਾਂ ਵਿੱਚ ਤਿਆਰੀ ਕਰਵਾਈ ਗਈ । ਦਿੱਲੀ ਨਾਲ ਟਾਕਰਾ ਕਰਨ ਲਈ ਕਿਸਾਨਾਂ ਮਜ਼ਦੂਰਾਂ ਨੇ ਮਨ ਬਣਾ ਲਿਆ ਹੈ । ਇਸ ਮੌਕੇ ਰਣਜੀਤ ਸਿੰਘ ਕਲੇਰਬਾਲਾ , ਜਰਮਜੀਤ ਸਿੰਘ ਬੰਡਾਲਾ , ਸੁਖਦੇਵ ਸਿੰਘ ਚਾਟੀਵਿੰਡ ਆਦਿ ਆਗੂ ਹਾਜ਼ਰ ਸਨ । ਰੇਲ ਰੋਕੋ ਨੂੰ ਸੰਬੋਧਨ ਕਰਦਿਆਂ ਹੋਇਆ ਇੰਦਰਜੀਤ ਸਿੰਘ ਸਿੰਘ ਕੱਲੀਵਾਲ , ਰਾਣਾ ਰਣਬੀਰ ਸਿੰਘ ਨੇ ਕਿਹਾ ਕਿ ਕੇਂਦਰ ਪੂਰੀ ਤਰਾਂ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ । ਪੰਜਾਬ ਭਾਜਪਾ ਹੁਣ ਮੋਮੋ ਠੱਗਣੀਆਂ ਕਰ ਰਹੀ ਹੈ ਪਰ ਮੋਦੀ ਸਰਕਾਰ ਖੇਤੀ ਕਾਨੂੰਨ ਚੰਗੇ ਹੋਣ ਦਾ ਦਾਅਵਾ ਪ੍ਰਚਾਰ ਮਾਧਿਅਮਾਂ ਰਾਂਹੀ ਕਰ ਰਹੀ ਹੈ ।