ਪਟਿਆਲਾ,; ਜਨਮ ਤੋਂ ਟੇਢੇ-ਮੇਢੇ ਪੈਰਾਂ ਵਾਲੇ ਬੱਚਿਆਂ ਦੇ ਪੈਰਾਂ ਦੇ ਆਪ੍ਰੇਸ਼ਨ ਕਰ ਕੇ ਉਨਾਂ ਨੂੰ ਠੀਕ ਕਰ ਕੇ ਇਸ ਬਿਮਾਰੀ ਤੋਂ ਨਿਜਾਤ ਦਿਵਾਉਣ ਦੇ ਲਈ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦੇ ਤਹਿਤ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਇੱਕ ਕਲੱਬਫੀਟ ਸਰਜਰੀ (ਟੇਢੇ-ਮੇਢੇ ਪੈਰਾਂ ਦੀ ਸਰਜਰੀ)ਦਾ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਕੀਤਾ ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਕਲੱਬਫੀਟ ਸਰਜਰੀ ਦਾ ਕੈਂਪ ਮਾਤਾ ਕੁਸ਼ਲਿਆ ਹਸਪਤਾਲ ਵਿੱਚ 3 ਤੋਂ 5 ਅਗਸਤ 2016 ਤੱਕ ਜਾਰੀ ਰਹੇਗਾ । ਜਿਸ ਵਿੱਚ ਪੰਜਾਬ ਸਰਕਾਰ ਦੁਆਰਾ ਅਧਿਕਾਰਤ ਸੀਨੀਅਰ ਸਰਜਨ ਅਤੇ ਰਿਟਾਇਰਡ ਪ੍ਰਿੰਸੀਪਲ ਡਾ. ਆਰ.ਐਲ. ਮਿੱਤਲ ਵੱਲੋਂ ਬੱਚਿਆਂ ਦੇ ਟੇਢੇ-ਮੇਢੇ ਪੈਰਾਂ ਵਾਲੇ ਬੱਚਿਆਂ ਦੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ । ਉਨਾਂ ਕਿਹਾ ਕਿ ਪੰਜਾਬ ਰਾਜ ਦਾ ਕੋਈ ਵੀ ਵਸਨੀਕ ਬੱਚਾ ਜੋ ਕਿ 0 ਤੋਂ 18 ਸਾਲ ਤੱਕ ਦਾ ਹੈ ਅਤੇ ਉਹ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦੇ ਤਹਿਤ ਰਜਿਸਟਰਡ ਹੈ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ. ਇਸ ਮੌਕੇ ਉਨਾਂ ਆਪ੍ਰੇਸ਼ਨ ਲਈ ਦਾਖਲ ਹੋਏ ਬੱਚਿਆਂ ਦੇ ਮਾਪਿਆਂ ਨਾਲ ਗੱਲ ਬਾਤ ਕੀਤੀ ਅਤੇ ਆਪ੍ਰੇਸ਼ਨ ਤੋਂ ਬਾਅਦ ਬੱਚਿਆਂ ਦੀ ਸਹੀ ਤਰੀਕੇ ਨਾਲ ਦੇਖਭਾਲ ਕਰਨ ਲਈ ਕਿਹਾ, ਤਾਂ ਜੋ ਉਹ ਜਲਦੀ ਤੰਦਰੁਸਤ ਹੋ ਕੇ ਆਪਣੀ ਆਮ ਜ਼ਿੰਦਗੀ ਬਤੀਤ ਕਰ ਸਕਣ ।
ਸਿਵਲ ਸਰਜਨ ਡਾ. ਸੁਬੋਧ ਗੁਪਤਾ ਨੇ ਕਿਹਾ ਕਿ ਸਿਹਤ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਰੁਟੀਨ ਵਿੱਚ ਵੀ ਹਰ ਵੀਰਵਾਰ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਬੱਚਿਆਂ ਦੇ ਟੇਢੇ-ਮੇਂਢੇ ਪੈਰਾਂ ਦੇ ਮੁਫ਼ਤ ਅਪ੍ਰੇਸ਼ਨ ਕੀਤੇ ਜਾਂਦੇ ਹਨ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ. ਇਸ ਬਿਮਾਰੀ ਤੋਂ ਪੀੜਤ ਬੱਚੇ ਜੋ ਕਿਸੇ ਕਾਰਨ ਇਸ ਕੈਂਪ ਵਿੱਚ ਨਾ ਪਹੁੰਚ ਸਕੇ ਉਹ ਬਾਅਦ ਵਿੱਚ ਵੀ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਆ ਕੇ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ ।
ਇਸ ਮੌਕੇ ਡਾ. ਆਰ.ਐਲ.ਮਿੱਤਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਇਹ ਕੰਮ ਸੌਂਪਿਆ ਗਿਆ ਹੈ ਉਸ ਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾਉਣਗੇ ਅਤੇ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਕੋਨੇ ਕੋਨੇ ਤੋਂ ਇਸ ਬਿਮਾਰੀ ਨਾਲ ਪੀੜਿਤ ਬੱਚੇ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਆ ਕੇ ਆਪਣਾ ਇਲਾਜ ਕਰਵਾਉਣ ।
ਡਾ. ਮਿੱਤਲ ਨੇ ਦੱਸਿਆ ਕਿ ਉਹ ਪਿਛਲੇ 6 ਮਹੀਨਿਆਂ ਤੋਂ ਗ਼ਰੀਬ ਮਰੀਜ਼ਾਂ ਦੇ ਪੈਰਾਂ ਦੀ ਮੁਫ਼ਤ ਸਰਜਰੀ ਕਰ ਰਹੇ ਹਨ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਉਨਾਂ ਨੂੰ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦੇ ਅਧੀਨ ਦਾ ਅਧਿਕਾਰ ਦਿੱਤਾ ਹੈ ਕਿ ਪੰਜਾਬ ਦੇ ਸਾਰੇ 22 ਜ਼ਿਲਿਆਂ ਦੇ ਗ਼ਰੀਬ ਮਰੀਜ਼ਾਂ ਦੀ ਕਲਬਫੀਟ ਸਰਜਰੀ ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਕਰਨ।
ਅੱਜ ਦੇ ਇਸ ਕੈਂਪ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਬਿਮਾਰੀ ਨਾਲ ਪੀੜਤ 11 ਬੱਚਿਆਂ ਵੱਲੋਂ ਆਪਣੀ ਰਜਿਸਟਰੇਸ਼ਨ ਕਰਵਾਈ ਗਈ ਜਿਨ੍ਹਾਂ ਵਿੱਚੋਂ 4 ਬੱਚਿਆਂ ਦੇ ਟੇਢੇ-ਮੇਢੇ ਪੈਰਾਂ ਦੇ ਅਪ੍ਰੇਸ਼ਨ ਕੀਤੇ ਗਏ ਅਤੇ ਬਾਕੀ ਦੇ ਬੱਚਿਆਂ ਦੇ ਅਪ੍ਰੇਸ਼ਨ ਆਉਂਦੇ 2 ਦਿਨਾਂ ਵਿੱਚ ਕੈਂਪ ਦੌਰਾਨ ਕੀਤੇ ਜਾਣਗੇ.
ਇਸ ਮੌਕੇ ਮੈਡੀਕਲ ਸੁਪਰਡੈਂਟ ਮਾਤਾ ਕੌਸ਼ਲਿਆ ਡਾ. ਅੰਜੂ ਗੁਪਤਾ, ਸੀਨੀਅਰ ਸਰਜਨ ਡਾ.ਆਰ.ਐਲ.ਮਿੱਤਲ ਅਤੇ ਹਸਪਤਾਲ ਦਾ ਸਟਾਫ਼ ਹਾਜ਼ਰ ਸੀ ।