ਹੁਸ਼ਿਆਰਪੁਰ : ਹੁਸ਼ਿਆਰਪੁਰ-ਦਸੂਹਾ ਸੜਕ ’ਤੇ ਅੱਜ ਦੁਪਹਿਰੇ ਹਰਿਆਣਾ ਨਜ਼ਦੀਕ ਬਾਦਲ ਪਰਿਵਾਰ ਦੀ ਟਰਾਂਸਪੋਰਟ ਕੰਪਨੀ ਦੀ ਇਕ ਬੱਸ ਨੇ ਦੋ ਮੋਟਰ ਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ। ਇਸ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਖੇਤਾਂ ਵਿੱਚ ਉਲਟ ਗਈ, ਜਿਸ ਕਾਰਨ ਲਗਪਗ ਇਕ ਦਰਜਨ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨਾਂ ਵਿੱਚੋਂ ਘੱਟੋ ਘੱਟ ਪੰਜ ਨੂੰ ਗੰਭੀਰ ਸੱਟਾਂ ਲੱਗੀਆਂ।
ਜਾਣਕਾਰੀ ਅਨੁਸਾਰ ਰਾਜਧਾਨੀ ਕੰਪਨੀ ਦੀ ਬੱਸ (ਪੀ.ਬੀ-07-ਏ.ਐਫ-8679) ਨੇ ਹਰਿਆਣਾ ਥਾਣੇ ਤੋਂ ਥੋੜ੍ਹੀ ਦੂਰ ਹੀਰੋ ਸਪਲੈਂਡਰ ਮੋਟਰ ਸਾਈਕਲ ਨੂੰ ਲਪੇਟ ਵਿੱਚ ਲੈ ਲਿਆ, ਜਿਸ ਦੇ ਸਿੱਟੇ ਵਜੋਂ ਮੰਗਤ ਰਾਮ (46) ਵਾਸੀ ਰਾਓਵਾਲ ਅਤੇ ਬਲਵੀਰ ਸਿੰਘ (55) ਵਾਸੀ ਭੁਲਾਣਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਦੋਵੇਂ ਪਲੰਬਿੰਗ ਦਾ ਕੰਮ ਕਰਦੇ ਸਨ ਅਤੇ ਹਰਿਆਣਾ ਆਏ ਹੋਏ ਸਨ। ਜਿਉਂ ਹੀ ਉਹ ਪੈਟਰੋਲ ਪੰਪ ਤੋਂ ਪੈਟਰੋਲ ਪੁਆ ਕੇ ਨਿਕਲੇ ਤਾਂ ਮੁੱਖ ਸੜਕ ’ਤੇ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਖੇਤਾਂ ਵਿੱਚ ਉਲਟ ਗਈ। ਬੱਸ ਵਿੱਚ ਸਵਾਰ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨਾਂ ਨੂੰ ਹਰਿਆਣਾ ਤੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।
ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਇਲਾਕੇ ਦੇ ਲੋਕਾਂ ਨੇ ਕੁਝ ਸਮੇਂ ਲਈ ਮੁੱਖ ਮਾਰਗ ’ਤੇ ਜਾਮ ਲਾਇਆ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਲੋਕਾਂ ਦੇ ਰੋਹ ਨੂੰ ਵੇਖਦਿਆਂ ਪੁਲੀਸ ਨੇ ਡਰਾਈਵਰ ਅਜੈ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਪਰ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਥਾਣਾ ਹਰਿਆਣਾ ਦੇ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ।