ਚੰਡੀਗੜ੍ਹ,: ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਹੱਦੀ ਜ਼ਿਲਿਆਂ ਦੇ ਨੌਜਵਾਨਾਂ ਦੇ ਸ਼ਸ਼ਕਤੀਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਕਾਲਜ ਕਾਲਾ ਅਫਗਾਨਾ ਨੂੰ ਬਦਲਕੇ ਸਰੀਰਕ ਸਿੱਖਿਆ ਕਾਲਜ ਵਜੋਂ ਸਥਾਪਤ ਕੀਤਾ ਗਿਆ ਹੈ ਅਤੇ ਲੱਧੂਪੁਰ ਵਿਖੇ ਇੱਕ ਨਵਾਂ ਡਿਗਰੀ ਕਾਲਜ ਖੋਲਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਉਚੇਰੀ ਸਿੱਖਿਆ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਦੂਰਦਰਸ਼ੀ ਫੈਸਲੇ ਨਾਲ ਸਰਹੱਦੀ ਖੇਤਰ ਦੇ ਲੋਕਾਂ ਦੀ ਚਿਰਾਂ ਤੋਂ ਲੰਬਿਤ ਪਈ ਮੰਗ ਪੂਰੀ ਹੋਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਚੇਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਕਾਲਾ ਅਫਗਾਨਾ ਵਿਖੇ ਸਰੀਰਕ ਸਿੱਖਿਆ ਕਾਲਜ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਨਵੇਂ ਮੌਕੇ ਪ੍ਰਦਾਨ ਕਰੇਗਾ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਇਲਾਕੇ ਦਾ ਨਾਮ ਰੌਸ਼ਨ ਕਰਣਗੇ । ਉਨ੍ਹਾਂ ਅੱਗੇ ਦੱਸਿਆ ਕਿ ਇਸ ਕਾਲਜ ਨੂੰ ਪਟਿਆਲਾ ਵਿਖੇ ਨਵੀਂ ਸਥਾਪਿਤ ਕੀਤੀ ਖੇਡ ਯੂਨੀਵਰਸਿਟੀ ਦਾ ਕੰਸਟੀਚਿਉਂਟ ਕਾਲਜ ਬਣਾਇਆ ਗਿਆ ਹੈ।
ਸ੍ਰੀ ਬਾਜਵਾ ਨੇ ਦੱਸਿਆ ਕਿ ਲੱਧੂਪੁਰ ਵਿਖੇ ਸਥਾਪਤ ਕੀਤਾ ਨਵਾਂ ਡਿਗਰੀ ਕਾਲਜ ਵਿਦਿਆਰਥੀਆਂ ਵਿਸ਼ੇਸ਼ ਕਰਕੇ ਪੇਂਡੂ ਇਲਾਕੇ ਦੀਆਂ ਲੜਕੀਆਂ ਨੂੰ ਆਪਣੇ ਨੇੜਲੇ ਸਥਾਨ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਖੇਤਰ ਦੇ ਨੌਜਵਾਨਾਂ ਨੂੰ ਸਮੇਂ ਦਾ ਹਾਣੀ ਅਤੇ ਰੁਜਗਾਰ ਯੋਗ ਬਣਾਉਣ ਲਈ ਲੱਧੂਪੁਰ ਕਾਲਜ ਵਿਚ ਨਵੇਂ ਕਿੱਤਾ ਮੁਖੀ ਪੇਸ਼ੇਵਰ ਕੋਰਸ ਵੀ ਸ਼ੁਰੂ ਕਰੇਗੀ।
ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਦੱਸਿਆ ਕਿ ਲੱਧੂਪੁਰ ਕਾਲਜ ਦੀ ਇਮਾਰਤ ਤਿਆਰ ਹੈ, ਸਟਾਫ ਉਪਲਬਧ ਹੈ ਅਤੇ ਇਸ ਸੈਸ਼ਨ ਤੋਂ ਹੀ ਕਲਾਸਾਂ ਸੁਰੂ ਹੋ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਕਾਲਾ ਅਫਗਾਨਾ ਕਾਲਜ ਦਾ ਕੋਈ ਵੀ ਕਰਮਚਾਰੀ ਹਟਾਇਆ ਨਹੀਂ ਗਿਆ ਬਲਕਿ ਪੂਰੇ ਸਟਾਫ ਨੂੰ ਲੱਧੂਪੁਰ ਕਾਲਜ ਵਿੱਚ ਅਡਜਸਟ ਕਰ ਦਿੱਤਾ ਗਿਆ ਹੈ।