ਲੁਧਿਆਣਾ,:ਪੰਜਾਬ ਸਰਕਾਰ ਅਤੇ ਲੂੰਬਾ ਫਾਊਂਡੇਸ਼ਨ ਟਰੱਸਟ ਲੁਧਿਆਣਾ ਦੇ ਸਾਂਝੇ ਉੱਦਮ ਸਦਕਾ ਜ਼ਿਲਾ ਲੁਧਿਆਣਾ ਦੀਆਂ 2000 ਵਿਧਵਾਵਾਂ ਨੂੰ ਸਿਲਾਈ ਦੀ ਸਿਖ਼ਲਾਈ ਦੇਣ ਦਾ ਟੀਚਾ ਮਿਥਿਆ ਗਿਆ ਸੀ, ਜਿਸ ਤਹਿਤ 1073 ਵਿਧਵਾਵਾਂ ਨੂੰ ਹੁਣ ਤੱਕ ਸਿਖ਼ਲਾਈ ਦੇ ਕੇ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ, ਜਦਕਿ ਤੀਜੇ ਬੈਚ ਦਾ ਆਰੰਭ ਪਹਿਲੀ ਸਤੰਬਰ 2015 ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਬਲਾਕਾਂ ਦੀਆਂ 450 ਵਿਧਵਾਵਾਂ ਨੂੰ ਸਿਖ਼ਲਾਈ ਦਿੱਤੀ ਜਾਵੇਗੀ।
ਇਸ ਸੰਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ ਸਾਂਝੇ ਉੱਦਮ ਸਦਕਾ 1073 ਵਿਧਵਾਵਾਂ ਨੂੰ ਸਿਖ਼ਲਾਈ ਦੇ ਕੇ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਇਹ ਵਿਧਵਾਵਾਂ ਆਪਣੀ ਰੋਜ਼ੀ ਰੋਟੀ ਲਈ ਹੱਥੀਂ ਕੰਮ ਕਰਨ ਲੱਗ ਪਈਆਂ ਹਨ। ਤੀਜਾ ਬੈਚ 1 ਸਤੰਬਰ, 2015 ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ 450 ਵਿਧਵਾਵਾਂ ਨੂੰ ਸਿਖ਼ਲਾਈ ਦੇਣ ਦੇ ਨਾਲ-ਨਾਲ 1000 ਰੁਪਏ ਵਜੀਫ਼ਾ ਵੀ ਦਿੱਤਾ ਜਾਵੇਗਾ।
ਸ੍ ਵੈਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 50 ਸਾਲ ਉਮਰ ਅਤੇ 400 ਰੁਪਏ ਮਹੀਨਾ ਆਮਦਨ ਵਾਲੀਆਂ ਵਿਧਵਾਵਾਂ ਨੂੰ ਚੁਣਿਆ ਜਾਂਦਾ ਹੈ। ਸਿਖ਼ਲਾਈ ਦੌਰਾਨ ਵਿਧਵਾਵਾਂ ਨੂੰ 1000 ਰੁਪਏ ਵਜੀਫ਼ਾ ਅਤੇ ਮੁਫ਼ਤ ਸਿਲਾਈ ਮਸ਼ੀਨ ਦਿੱਤੀ ਜਾਂਦੀ ਹੈ। ਸਿਖ਼ਲਾਈ ਪ੍ਰਾਪਤ ਕਰਨ ਉਪਰੰਤ ਇਨਾ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੇ ਵੀ ਯਤਨ ਕੀਤੇ ਜਾਂਦੇ ਹਨ। ਸ੍ ਵੈਦ ਨੇ ਦੱਸਿਆ ਕਿ ਉਹ ਬਾਕੀ ਰਹਿੰਦੀਆਂ ਵਿਧਵਾਵਾਂ ਨੂੰ ਵੀ ਜਲਦ ਸਿਖ਼ਲਾਈ ਦਿਵਾਉਣ ਅਤੇ ਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਯਤਨਸ਼ੀਲ ਹਨ। ਉਨਾ ਕਿਹਾ ਕਿ ਰਹਿੰਦੀਆਂ ਵਿਧਵਾਵਾਂ ਨੂੰ ਸਿਖ਼ਲਾਈ ਦਿਵਾਉਣ ਦਾ ਕੰਮ 3 ਮਹੀਨੇ ਵਿੱਚ ਪੂਰਾ ਕਰਨ ਦਾ ਟੀਚਾ ਹੈ।