ਅੱਜ ਪੰਜਾਬ ਭਰ ‘ਚ ਸੂਬੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਸਾੜੇ ਗਏ ਹਨ। ਮੋਗਾ ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਇਹ ਐਕਸ਼ਨ ਸੁਖਬੀਰ ਬਾਦਲ ਤੇ ਔਰਬਿੱਟ ਬੱਸਾਂ ਖ਼ਿਲਾਫ ਕਾਰਵਾਈ ਨਾ ਹੋਣ ਨੂੰ ਲੈ ਕੇ ਕੀਤਾ ਹੈ।ਐਕਸ਼ਨ ਕਮੇਟੀ ਵੱਲੋਂ ਦਿੱਤੇ ਸੱਦੇ ‘ਤੇ ਪੰਜਾਬ ਦੀਆਂ 45 ਕਿਸਾਨ, ਮਜ਼ਦੂਰ ਤੇ ਵਿਦਿਆਰਥੀਆਂ ਜਥੇਬੰਦੀਆਂ ਨੇ ਇਹ ਪੁਤਲੇ ਸਾੜੇ ਹਨ। ਇਹ ਪੁਤਲੇ ਅਕਾਲੀ ਦਲ ਦੇ ਲੋਕ ਸਭਾ ਮੈਂਬਰਾਂ, ਕੇਂਦਰੀ ਤੇ ਸੂਬਾ ਮੰਤਰੀਆਂ, ਵਿਧਾਇਕਾਂ ਤੇ ਪਾਰਲੀਮਾਨੀ ਸਕੱਤਰਾਂ ਦੇ ਦਫਤਰਾਂ/ਘਰਾਂ ਸਾਹਮਣੇ ਸਾੜੇ ਹਨ।
ਐਕਸ਼ਨ ਕਮੇਟੀ ਦੇ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ‘ਔਰਬਿੱਟ ਬੱਸ ਕਾਂਡ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਖ਼ਿਲਾਫ ਫੌਜਦਾਰੀ ਪਰਚਾ ਦਰਜ ਕੀਤਾ ਜਾਵੇ ਤੇ ਔਰਬਿਟ ਬੱਸ ਕੰਪਨੀ ਦੀਆਂ ਬੱਸਾਂ ਦੇ ਪਰਮਿਟ ਰੱਦ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਔਰਬਿੱਟ ਬੱਸ ਕਾਂਡ ਖ਼ਿਲਾਫ ਆਉਣ ਵਾਲੇ ਦਿਨਾਂ ‘ਚ ਵੀ ਸੰਘਰਸ਼ ਜਾਰੀ ਰਹੇਗਾ ਕਿਉਂਕਿ ਸਰਕਾਰ ਜਾਂਚ ਦੇ ਨਾਂ ‘ਤੇ ਸਿਰਫ਼ ਖਾਨਾਪੂਰਤੀ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸੇ ਸਬੰਧ ‘ਚ ਦੋ ਲੱਖ ਤੋਂ ਵੀ ਵੱਧ ਲੀਫਲੈਟ ਪੂਰੇ ਪੰਜਾਬ ‘ਚ ਵੰਡੇ ਗਏ ਹਨ ਤਾਂ ਕਿ ਪੰਜਾਬ ਦੇ ਲੋਕ ਬਾਦਲ ਪਰਿਵਾਰ ਦੀ ਕਰਤੂਤਾਂ ਤੋਂ ਜਾਣੂ ਹੋ ਸਕਣ।