ਪਟਿਆਲਾ : ਨਸ਼ਿਆਂ ਨੂੰ ਮੁਕੰਮਲ ਤੌਰ ‘ਤੇ ਠੱਲ ਪਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਲਈ ਨਹਿਰੂ ਯੂਵਾ ਕੇਂਦਰ, ਪਟਿਆਲਾ ਨੂੰ ਭਾਰਤ ਸਰਕਾਰ ਵੱਲੋਂ ਪ੍ਰੋਜੈਕਟ ਮਿਲਿਆ ਹੈ। ਇਸ ਪ੍ਰੋਜੈਕਟ ਸਬੰਧੀ ਵਿਚਾਰ ਵਟਾਂਦਰਾ ਕਰਨ ਅਤੇ ਦਿਸ਼ਾ ਨਿਰਦੇਸ਼ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਾਜੇਸ਼ ਤ੍ਰਿਪਾਠੀ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਦਫ਼ਤਰ ਸਿਵਲ ਸਰਜਨ, ਜ਼ਿਲਾ ਸਿੱਖਿਆ ਅਫ਼ਸਰ (ਸੈ), ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ, ਪਟਿਆਲਾ ਅਤੇ ਸਾਕੇਤ ਹਸਪਤਾਲ ਪਟਿਆਲਾ ਤੋਂ ਵੱਖ-ਵੱਖ ਅਧਿਕਾਰੀਆਂ ਨੇ ਭਾਗ ਲਿਆ।
ਜ਼ਿਲਾ ਯੂਥ ਕੋਆਰਡੀਨੇਟਰ ਨਹਿਰੂ ਯੂਵਾ ਕੇਂਦਰ, ਪਟਿਆਲਾ ਨੂੰ ਏ.ਡੀ.ਸੀ. (ਵਿਕਾਸ) ਪਟਿਆਲਾ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਇਹ ਪ੍ਰੋਜੈਕਟ ਪਟਿਆਲਾ ਦੇ 6 ਬਲਾਕ ਪਟਿਆਲਾ, ਸਨੌਰ, ਭੁਨਰਹੇੜੀ, ਘਨੌਰ, ਸਮਾਣਾ ਅਤੇ ਪਾਤੜਾਂ ਵਿੱਚ ਲਾਗੂ ਕੀਤਾ ਜਾਣਾ ਹੈ। ਇਹ ਸਕੀਮ 340 ਪਿੰਡਾਂ ਵਿੱਚ ਕਮੇਟੀਆਂ ਗਠਿਤ ਕਰਕੇ ਸ਼ੁਰੂ ਕੀਤੀ ਜਾਣੀ ਹੈ। ਸਾਲ 2011-12 ਵਿੱਚ ਵੀ ਇਹ ਸਕੀਮ ਉਨਾਂ ਪਿੰਡਾਂ ਵਿੱਚ ਲਾਗੂ ਕੀਤੀ ਗਈ ਸੀ। ਕਲੱਸਟਰ ਪੱਧਰ ‘ਤੇ ਜਿਹੜੇ ਯੂਥ ਵਲੰਟੀਅਰ ਚੁਣੇ ਜਾਣੇ ਹਨ ਉਨਾਂ ਦੀ ਵਰਕਸ਼ਾਪ 34 ਕਲੱਸਟਰ ਬਣਾ ਕੇ ਲਗਾਈ ਜਾਵੇਗੀ। ਇਸ ਤੋਂ ਉਪਰੰਤ ਪਿੰਡ ਪੱਧਰ ‘ਤੇ ਸਰਵੇਖਣ ਕੀਤਾ ਜਾਵੇਗਾ ਅਤੇ ਇਸ ਵਿੱਚ ਵੱਖ-ਵੱਖ ਉਮਰ ਦੇ ਵਾਲੰਟੀਅਰ ਸ਼ਾਮਲ ਹੋਣਗੇ ਜਿਵੇਂ ਕਿ 13 ਤੋਂ 19 ਸਾਲ, 20 ਤੋਂ 24 ਸਾਲ, 25 ਤੋਂ 29 ਸਾਲ, 30 ਤੋਂ 35 ਸਾਲ ਅਤੇ 35 ਸਾਲ ਤੋਂ ਵੱਧ। ਇਹ ਕਮੇਟੀਆਂ ਪਿੰਡ ਪੱਧਰ ‘ਤੇ ਲੋਕਾਂ ਨੂੰ ਜਾਗਰੂਕ ਕਰਨਗੀਆਂ ਅਤੇ ਨਸ਼ੇ ਛੱਡਣ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਪਿੰਡਾਂ ਵਿੱਚ ਨੁਕੜ ਨਾਟਕ ਅਤੇ ਸਕੂਲਾਂ ਵਿੱਚ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ। ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਦਿਵਸ ਵੀ ਮਨਾਏ ਜਾਣਗੇ। ਸਾਰੇ ਅਧਿਕਾਰੀਆਂ ਨੇ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਲਈ ਸਹਿਮਤੀ ਪ੍ਰਗਟ ਕੀਤੀ।