ਚੰਡੀਗੜ੍ਹ: ਦੇਸ਼ ਸੇਵਕ ਇੰਮਲਾਪਈਜ਼ ਯੂਨੀਅਨ ਦੇ ਵਰਕਰਾਂ ਨੇ ਤਨਖਾਹ ਦੀ ਮੰਗ ਨੂੰ ਲੈ ਕੇ ਦੇਸ਼ ਸੇਵਕ ਮੈਨੇਜਮੈਂਟ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇੰਮਪਲਾਈਜ਼ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਵਰਕਰਾਂ ਦੀ ਤਨਖ਼ਾਹ ‘ਚ ਕੀਤੀ ਜਾ ਰਹੀ ਦੇਰੀ ਸਬੰਧੀ ਕਈ ਵਾਰ ਮੈਨੇਜਮੈਂਟ ਨੂੰ ਜਾਣੂੰ ਕਰਵਾਇਆ ਗਿਆ, ਪ੍ਰੰਤੂ ਮੈਨੇਜਮੈਂਟ ਨੇ ਮਿੱਥੇ ਸਮੇਂ ‘ਤੇ ਤਨਖ਼ਾਹ ਦੇਣੀ ਮੁਨਾਸਿਬ ਨਹੀਂ ਸਮਝੀ, ਜਿਸ ਕਾਰਨ ਅੱਜ ਵਰਕਰਾਂ ਨੇ ਰੋਸ ਵਜੋਂ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ।
ਆਗੂਆਂ ਨੇ ਕਿਹਾ ਕਿ ਦੇਸ਼ ਸੇਵਕ ਮੈਨੇਜਮੈਂਟ ਕਈ ਮਹੀਨਿਆਂ ਤੋਂ ਵਰਕਰਾਂ ਨੂੰ ਤਨਖ਼ਾਹ ਮਹੀਨਾ ਲੰਘ ਜਾਣ ਤੋਂ ਬਾਅਦ ਦੇ ਰਹੀ ਹੈ, ਜਿਸ ਕਾਰਨ ਵਰਕਰਾਂ ‘ਚ ਰੋਸ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਸੇਵਕ ਮੈਨੇਜਮੈਂਟ ਮੁਲਾਜ਼ਮ ਪੱਖੀ ਹੋਣ ਦਾ ਦੇਸ਼ ਭਰ ਵਿਚ ਢੰਡੋਰਾ ਪਿੱਟਦੀ, ਪ੍ਰੰਤੂ ਆਪਣੇ ਹੀ ਮੁਲਾਜ਼ਮਾਂ ਦਾ ਘਾਣ ਕਰਨ ਵਿਚ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਦੇਸ਼ ਸੇਵਕ ਮੈਨੇਜਮੈਂਟ ਜੋ ਖੱਬੀ ਪੱਖੀ ਲਹਿਰ ਨਾਲ ਜੁੜੀ ਹੋਈ ਹੈ ਅਤੇ ਦੇਸ਼ ਭਰ ਵਿਚ ਠੇਕਾ ਪ੍ਰਣਾਲੀ ਦਾ ਵੀ ਵਿਰੋਧ ਕਰਦੀ ਹੈ, ਪ੍ਰੰਤੂ ਮੈਨੇਜਮੈਂਟ ਆਪਣੇ ਪੀੜੀ ਹੇਠ ਸੋਟਾਂ ਫੇਰਨ ਨੂੰ ਤਿਆਰ ਨਹੀਂ ਹੈ।
ਆਗੂਆਂ ਨੇ ਦੱਸਿਆ ਕਿ ਦੇਸ਼ ਸੇਵਕ ਮੈਨੇਜਮੈਂਟ ਅਦਾਰਾ ਚਲਾਉਣ ਤੋਂ ਅਸਮਰਥ ਹੋ ਗਈ ਹੈ, ਜਿਸ ਕਾਰਨ ਦੇਸ਼ ਸੇਵਕ ਮੁਲਾਜ਼ਮਾਂ ਨੂੰ ਘੱਟ ਤਨਖ਼ਾਹ ਵਿਚ ਆਰਥਿਕ ਮੰਦਹਾਲੀ ਵਿਚੋਂ ਲੰਘਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਸੇਵਕ ਮੈਨੇਜਮੈਂਟ ਨੇ ਅਦਾਰਾ ਦੇਸ਼ ਸੇਵਕ ਚਲਾਉਣ ਤੋਂ ਅਸਮਰਥਾ ਪ੍ਰਗਟਾਉਂਦਿਆਂ ਸਮੁੱਚੇ ਅਦਾਰਾ ਦੇਸ਼ ਸੇਵਕ ਸਮੇਤ ਵਰਕਰਾਂ ਨੂੰ ਨਿੱਜੀ ਲੋਕਾਂ ਦੇ ਹੱਥਾਂ ਵਿਚ ਵੇਚ ਦਿੱਤਾ ਹੈ, ਜਿਸ ਕਾਰਨ ਮੁਲਾਜ਼ਮਾਂ ਦਾ ਭਵਿੱਖ ਤਬਾਹ ਹੋਣ ਦੇ ਕੰਢੇ ‘ਤੇ ਹੈ।
ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਸੁਪਰੀਮ ਕੋਰਟ ਵੱਲੋਂ ਜਾਰੀ ਆਦੇਸ਼ਾਂ ਦੀ ਉਲੰਘਣਾ ਕਰ ਰਹੀ ਹੈ। ਹਾਲਾਂਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਮੁਲਾਜ਼ਮਾਂ ਨੂੰ ਵੇਜ਼ ਬੋਰਡ ਦਿੱਤਾ ਜਾਣਾ ਬਣਦਾ, ਪ੍ਰੰਤੂ ਮੈਨੇਜਮੈਂਟ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਕੁਝ ਨਿੱਜੀ ਧਨਾਢ ਲੋਕਾਂ ਦੇ ਹੱਥਾਂ ਵਿਚ ਅਦਾਰਾ ਸੌਂਪ ਕੇ ਮੁਲਾਜ਼ਮਾਂ ਨੂੰ ਤਬਾਹ ਕਰਨ ਵੱਲ ਤੁਰ ਪਈ ਹੈ, ਜਿਸ ਨੂੰ ਦੇਸ਼ ਸੇਵਕ ਦਾ ਸਮੁੱਚਾ ਮੁਲਾਜ਼ਮ ਬਰਦਾਸ਼ਤ ਨਹੀਂ ਕਰੇਗਾ।
ਆਗੂਆਂ ਨੇ ਕਿਹਾ ਕਿ ਜੇ ਮੈਨੇਜਮੈਂਟ ਨੇ ਮੁਲਾਜ਼ਮਾਂ ਨੂੰ ਮਿੱਥੇ ਸਮੇਂ ‘ਤੇ ਤਨਖ਼ਾਹ ਨਾ ਦਿੱਤੀ ਅਤੇ ਮੁਲਾਜ਼ਮਾਂ ਦੇ ਬਣਦੇ ਹੱਕ ਨਾ ਦਿੱਤੇ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਦੇਸ਼ ਸੇਵਕ ਮੈਨੇਜਮੈਂਟ ਦੀ ਹੋਵੇਗੀ।