ਫਤਹਿਗੜ੍ਹ ਸਾਹਿਬ,: ਠੇਕਾ ਅਧਾਰਿਤ ਮੁਲਾਜਮਾਂ ਵਲੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਉਹ 8 ਤੋ 14 ਸਤੰਬਰ ਤੱਕ ਚੱਲਣ ਵਾਲੇ ਵਿਧਾਨ ਸਭਾ ਸ਼ੈਸ਼ਨ ਚ ਅਵਾਜ਼ ਉਠਾਉਣ, ਤਾਂ ਜੋ ਠੇਕੇ ਤੇ ਕੰਮ ਕਰਦੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ।
ਹਰਪਾਲ ਸਿੰਘ ਸੋਢੀ ਦੀ ਅਗਵਾਈ ਵਿੱਚ ਇੱਕ ਵਫਦ ਵਿਧਾਇਕ ਨਾਗਰਾ ਨੂੰ ਮਿਲਿਆ ਅਤੇ ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਮੁਲਾਜਮ ਠੇਕਾ ਅਧਾਰ ਤੇ ਪਿਛਲੇ 10-15 ਸਾਲਾਂ ਤੋ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰਦੇ ਹਨ। ਇਹਨਾਂ ਠੇਕਾ ਮੁਲਾਜਮਾਂ ਵਲੀ ਸੂਬਾ ਸਰਕਾਰ ਵਲੋਂ ਬੰਧੂਆ ਮਜ਼ਦੂਰਾਂ ਦੀ ਤਰਾਂ ਕੰਮ ਕਰਵਾਇਆ ਜਾ ਰਿਹਾ ਹੈ, ਘੱਟ ਤਨਖਾਹਾਂ ਦੇ ਕੇ ਮੁਲਾਜਮਾਂ ਦਾ ਸ਼ੋਸ਼ਣ ਕਰਨ ਦੇ ਨਾਲ ਨਾਲ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਠੇਕੇ ਤੇ ਕੰਮ ਕਰਨ ਵਾਲੇ ਮੁਲਾਜਮ ਬਹੁਤ ਹੀ ਪੜੇ ਲਿਖੇ ਅਤੇ ਤਜ਼ਰਬੇਕਾਰ ਹਨ, ਜੋ 5 ਹਜ਼ਾਰ ਤੋ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੰਮ ਕਰ ਹੇ ਹਨ।
ਜਰੂਰੀ ਗੱਲ ਇਹ ਹੈ ਕਿ ਸੂਬਾ ਸਰਕਾਰ ਨੇ ਇਹਨਾਂ ਡੇਢ ਲੱਖ ਮੁਲਾਜਮਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ, ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਪਾਲਿਸੀ ਜਲਦ ਲਾਗੂ ਕਰਨ ਲਈ ਕਿਹਾ ਸੀ। ਸਰਕਾਰ ਦਾ ਇਹ ਭਰੋਸਾ ਕੇਵਲ ਮਿੱਠੀ ਗੋਲੀ ਹੀ ਸਾਬਿਤ ਹੋਇਆ, ਜਿਸ ਕਾਰਨ ਸਮੂਹ ਠੇਕਾ ਮੁਲਾਜਮਾਂ ਦੇ ਮਨਾਂ ਚ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਬੇਨਤੀ ਹੈ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਚ ਪੰਜਾਬ ਸਰਕਾਰ ਘੇਰਿਆ ਜਾਵੇ, ਕਿ ਸਰਕਾਰ ਨੇ ਜੋ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਅਜੇ ਤੱਕ ਕਿਉ ਪੁਰਾ ਨਹੀ ਕੀਤਾ। ਇਸ ਮਹਿੰਗਾਈ ਦੇ ਯੁੱਗ ਚ ਘੱਟ ਤਨਖਾਹਾਂ ਤੇ ਕੰਮ ਕਰਨਾ ਮੁਸ਼ਕਿਲ ਹੋ ਰਿਹਾ ਹੈ, ਕਿਉਕਿ ਮਹਿੰਗਾਈ ਦਿਨ ਪ੍ਰਤੀ ਦਿਨ ਵੱਧ ਰਹੀ ਹੈ, ਪਰ ਮੁਲਾਜਮਾਂ ਦੀਆਂ ਤਨਖਾਹਾਂ ਚ ਕੋਈ ਵਾਧਾ ਨਹੀ ਹੋ ਰਿਹਾ। ਇਸ ਮੋਕੇ ਵਿਧਾਇਕ ਨਾਗਰਾ ਨੇ ਭਰੋਸਾ ਦਿਵਾਇਆ ਕਿ ਉਹ 8 ਤੋ 14 ਸਤੰਬਰ ਤੱਕ ਚੱਲਣ ਵਾਲੇ ਸ਼ੈਸ਼ਨ ਚ ਉਹਨਾਂ ਦੀ ਅਵਾਜ਼ ਉਠਾਉਣਗੇ।