spot_img
spot_img
spot_img
spot_img
spot_img

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ ਕਰਨ ਦੇ ਹੁਕਮ

ਚੰਡੀਗੜ੍ਹ, : – ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੰਗਰੂਰ ਖੇਤਰ ਦੇ ਗੰਨਾ ਕਾਸ਼ਤਕਾਰਾਂ ਦੇ ਬੈਂਕ ਖਾਤਿਆਂ ਵਿੱਚ ਸੋਮਵਾਰ ਤੱਕ ਗੰਨੇ ਦੀ ਬਕਾਇਆ ਰਾਸ਼ੀ 1.05 ਕਰੋੜ ਰੁਪਏ ਪਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇਸ ਮਹੀਨੇ ਦੇ ਅੰਤ ਤੱਕ ਭਗਵਾਨਪੁਰਾ ਸ਼ੂਗਰ ਮਿੱਲ ਤੋਂ ਕਿਸਾਨਾਂ ਨੂੰ ਬਕਾਇਆ ਰਾਸ਼ੀ (ਲਗਭਗ 6.95 ਕਰੋੜ ਰੁਪਏ) ਜਾਰੀ ਕਰਵਾਉਣ ਲਈ ਵੀ ਕਿਹਾ।

ਖੇਤੀਬਾੜੀ ਮੰਤਰੀ ਨੇ ਇਹ ਨਿਰਦੇਸ਼ ਵੀਰਵਾਰ ਨੂੰ ਆਪਣੇ ਦਫ਼ਤਰ ਵਿਖੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ, ਮੈਸਰਜ਼ ਭਗਵਾਨਪੁਰਾ ਸ਼ੂਗਰ ਮਿੱਲ, ਧੂਰੀ ਦੇ ਪ੍ਰਬੰਧਕਾਂ ਅਤੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ, ਧੂਰੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਜਾਰੀ ਕੀਤੇ।

ਗੰਨਾ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਨੂੰ ਹਮਦਰਦੀ ਨਾਲ ਸੁਣਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਡਿਪਟੀ ਕਮਿਸ਼ਨਰ, ਸੰਗਰੂਰ ਸ੍ਰੀ ਜਤਿੰਦਰ ਜੋਰਵਾਲ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਖ਼ਰੀਦ ਅਤੇ ਲਿਫਟਿੰਗ (ਚੁਕਾਈ) ਵਿੱਚ ਢਿੱਲ-ਮੱਠ ਜਿਹੀ ਕਿਸੇ ਵੀ ਬੇਨਿਯਮੀ ਕਾਰਨ ਆਪਣੀ ਫ਼ਸਲ ਵੇਚਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।

ਸੰਗਰੂਰ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਖੇਤੀਬਾੜੀ ਮੰਤਰੀ ਨੂੰ ਦੱਸਿਆ ਕਿ ਭਗਵਾਨਪੁਰਾ ਸ਼ੂਗਰ ਮਿੱਲ ਵੱਲੋਂ ਅਮਲੋਹ, ਬੁੱਢੇਵਾਲ, ਮੁਕੇਰੀਆਂ ਅਤੇ ਨਕੋਦਰ ਵਿਖੇ ਸਥਿਤ ਖੰਡ ਮਿੱਲਾਂ ਰਾਹੀਂ ਲਗਭਗ 2 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਵਾਈ ਗਈ ਹੈ ਕਿਉਂਕਿ ਧੂਰੀ ਯੂਨਿਟ ਨੂੰ ਚਾਲੂ ਨਹੀਂ ਕੀਤਾ ਗਿਆ।

ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਕਿਸਾਨਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸੇ ਨੂੰ ਵੀ ਅੰਨਦਾਤਾ ਦਾ ਸ਼ੋਸ਼ਣ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚੋਂ ਪੰਜਾਬ ਗੰਨਾ ਕਾਸ਼ਤਕਾਰਾਂ ਨੂੰ ਸਭ ਤੋਂ ਵੱਧ ਸਟੇਟ ਐਗਰੀਡ ਪ੍ਰਾਈਸ (ਐਸ.ਏ.ਪੀ.) ਦੇਣ ਵਾਲਾ ਸੂਬਾ ਹੈ। ਐਸ.ਏ.ਪੀ. ਦੇ ਵਾਧੇ ਨਾਲ ਹੁਣ ਕਿਸਾਨਾਂ ਨੂੰ ਆਪਣੀ ਪੈਦਾਵਾਰ ਦਾ 391 ਰੁਪਏ ਪ੍ਰਤੀ ਕੁਇੰਟਲ ਭਾਅ ਮਿਲ ਰਿਹਾ ਹੈ।

ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਸੰਯਮ ਅਗਰਵਾਲ, ਏ.ਡੀ.ਜੀ.ਪੀ. ਜਸਕਰਨ ਸਿੰਘ, ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ, ਕੇਨ ਕਮਿਸ਼ਨਰ ਪੰਜਾਬ ਰਾਜੇਸ਼ ਕੁਮਾਰ ਰਹੇਜਾ ਅਤੇ ਸਬੰਧਤ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles