ਪਟਿਆਲਾ: ਪਟਿਆਲਾ ਜ਼ਿਲਾ ‘ਚ 27ਵੇਂ ਕੌਮੀ ਸੜਕ ਸੁਰੱਖਿਆ ਹਫ਼ਤੇ ਦਾ ਆਗਾਜ਼ ਅੱਜ ਐਸ.ਐਸ.ਪੀ ਸ਼੍ ਗੁਰਮੀਤ ਸਿੰਘ ਚੌਹਾਨ, ਵਧੀਕ ਡਿਪਟੀ ਕਮਿਸ਼ਨਰ ਸ਼੍ ਮੋਹਿੰਦਰਪਾਲ ਅਤੇ ਐਸ.ਡੀ.ਐਮ ਸ. ਗੁਰਪਾਲ ਸਿੰਘ ਚਹਿਲ ਵੱਲੋਂ ਰਿੰਕ ਹਾਲ ਤੋਂ ਵਿਸ਼ਾਲ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਗਿਆ। ਇਸ ਰੈਲੀ ਵਿੱਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੱਖ-ਵੱਖ ਬਜ਼ਾਰਾਂ ‘ਚ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਲਈ ਪਰੇਰਿਤ ਕੀਤਾ।
ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲਾ ਪੁਲਿਸ ਮੁਖੀ ਸ਼੍ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਨਾ ਹਰੇਕ ਨਾਗਰਿਕ ਦਾ ਨੈਤਿਕ ਫਰਜ਼ ਹੈ। ਉਨਾ ਕਿਹਾ ਕਿ ਵਾਹਨ ਚਲਾਉਣ ਸਮੇਂ ਵਰਤੀ ਗਈ ਸਾਵਧਾਨੀ ਜਿਥੇ ਸੜਕ ਹਾਦਸਿਆਂ ਦੀ ਦਰ ਨੂੰ ਘਟਾ ਦਿੰਦੀ ਹੈ ਉਥੇ ਹੀ ਕੀਮਤੀ ਜਾਨਾਂ ਵੀ ਅਜਾਈਂ ਮੌਤ ਦੇ ਮੂੰਹ ਜਾਣ ਤੋਂ ਬਚ ਜਾਂਦੀਆਂ ਹਨ। ਉਨਾ ਕਿਹਾ ਕਿ ਹਰ ਸਾਲ ਦੇਸ਼ ਭਰ ‘ਚ ਮਨਾਏ ਜਾਣ ਵਾਲੇ ਇਨਾ ਸਮਾਗਮਾਂ ਦਾ ਮਕਸਦ ਲੋਕ ਹਿੱਤ ਵਿੱਚ ਲਗਾਤਾਰ ਜਾਗਰੂਕਤਾ ਪੈਦਾ ਕਰਨਾ ਹੁੰਦਾ ਹੈ ਅਤੇ ਸਾਡੇ ਬੱਚਿਆਂ ਤੇ ਨੌਜਵਾਨਾ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਲਗਾਤਾਰ ਆਪਣੇ ਆਲੇ-ਦੁਆਲੇ ਇਸ ਸਬੰਧੀ ਚੇਤਨਤਾ ਪੈਦਾ ਕਰਦੇ ਰਹਿਣ। ਸ਼੍ ਚੌਹਾਨ ਨੇ ਕਿਹਾ ਕਿ ਵਿਦਿਆਰਥੀ ਵਰਗ ਅਜਿਹੇ ਉਪਰਾਲਿਆਂ ਨੂੰ ਲੋਕ ਲਹਿਰ ਵਜੋਂ ਵਿਕਸਤ ਕਰਨ ਵਿੱਚ ਮਹੱਤਵਪੂਰਨ ਤੇ ਸਾਰਥਕ ਭੂਮਿਕਾ ਅਦਾ ਕਰ ਸਕਦਾ ਹੈ। ਐਸ.ਐਸ.ਪੀ ਨੇ ਕਿਹਾ ਕਿ 16 ਜਨਵਰੀ ਤੱਕ ਪਟਿਆਲਾ ਜ਼ਿਲਾ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਵਿੱਚ ਟਰੈਫਿਕ ਪੁਲਿਸ ਦੇ ਐਜੂਕੇਸ਼ਨ ਸੈਲ ਵੱਲੋਂ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਪਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਦੇ ਨਾਲ-ਨਾਲ ਵਾਹਨ ਚਾਲਕਾਂ ਤੇ ਆਮ ਲੋਕਾਂ ਨੂੰ ਵੀ ਆਵਾਜਾਈ ਨਿਯਮਾਂ, ਚਿੰਨਾ ਤੇ ਸੰਕੇਤਾਂ ਦੀ ਪਾਲਣਾ ਬਾਰੇ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਸਹਾਇਕ ਜ਼ਿਲਾ ਟਰਾਂਸਪੋਰਟ ਅਧਿਕਾਰੀ ਸ਼੍ ਕੁਲਵੰਤ ਰਾਏ, ਸਮਾਜ ਸੇਵਕ ਡਾ. ਜਗਬੀਰ ਸਿੰਘ, ਸ਼੍ਮਤੀ ਸਤਿੰਦਰਪਾਲ ਕੌਰ ਵਾਲੀਆ, ਸ਼੍ਮਤੀ ਪਰਮਿੰਦਰ ਕੌਰ, ਮਿਸ਼ਲ ਲਾਲੀ ਤੇ ਹਰਿਆਲੀ ਤੋਂ ਸ਼੍ ਹਰਦੀਪ ਸਿੰਘ ਸਨੌਰ, ਸ਼੍ ਕਾਕਾ ਰਾਮ ਵਰਮਾ, ਸ਼੍ ਗੁਰਮੀਤ ਪੰਜੌਲਾ, ਸ਼੍ ਰਵਿੰਦਰ ਭਾਂਖਰ, ਡੀ.ਐਸ.ਪੀ ਸ਼੍ ਚੰਦ ਸਿੰਘ, ਇੰਚਾਰਜ ਟਰੈਫਿਕ ਪੁਲਿਸ ਸ. ਹਰਦੀਪ ਸਿੰਘ ਬਡੂੰਗਰ ਤੋਂ ਇਲਾਵਾ ਨਿਊ ਈਰਾ ਪਬਲਿਕ ਸਕੂਲ, ਸੀਨੀਅਰ ਸੈਕੰਡਰੀ ਸਕੂਲ ਪੰਜਾਬੀ ਯੂਨੀਵਰਸਿਟੀ, ਮੋਦੀ ਕਾਲਜ, ਸਰਕਾਰੀ ਕਾਲਜ ਲੜਕੀਆਂ ਸਮੇਤ ਹੋਰ ਵਿਦਿਅਕ ਅਦਾਰਿਆਂ ਦੇ ਵਿਦਿਆਰਥੀ ਵੀ ਹਾਜ਼ਰ ਸਨ।